ਫੈਕਟ ਸਮਾਚਾਰ ਸੇਵਾ
ਪੇਸ਼ਾਵਰ , ,ਮਈ 3
ਉੱਤਰ-ਪੱਛਮੀ ਪਾਕਿਸਤਾਨ ‘ਚ ਅੱਜ ਇਕ ਯਾਤਰੀ ਬੱਸ ਦੇ ਪਹਾੜੀ ਖੇਤਰ ਤੋਂ ਫਿਸਲ ਕੇ ਨਾਲੇ ‘ਚ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਗਿਲਗਿਤ-ਬਾਲਟਿਸਤਾਨ ਖੇਤਰ ਦੇ ਦਿਆਮੇਰ ਜ਼ਿਲ੍ਹੇ ਵਿੱਚ ਕਾਰਾਕੋਰਮ ਹਾਈਵੇਅ ‘ਤੇ ਵਾਪਰੀ। ਬੱਸ ਰਾਵਲਪਿੰਡੀ ਤੋਂ ਹੁੰਜ਼ਾ ਜਾ ਰਹੀ ਸੀ। ਇਸ ਦੌਰਾਨ ਡਰਾਈਵਰ ਦਾ ਗੱਡੀ ਤੋਂ ਕੰਟਰੋਲ ਖੋਹ ਗਿਆ।
ਅਧਿਕਾਰੀ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਬੱਸ ਵਿੱਚ ਕਿੰਨੇ ਯਾਤਰੀ ਸਨ। ਘਟਨਾ ‘ਚ ਜ਼ਖਮੀ ਹੋਏ ਘੱਟੋ-ਘੱਟ 15 ਲੋਕਾਂ ਨੂੰ ਚਿਲਾਸ ਦੇ ਹਸਪਤਾਲ ‘ਚ ਲਿਜਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਅਤੇ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ।
ਗਿਲਗਿਤ ਬਾਲਟਿਸਤਾਨ ਦੇ ਮੁੱਖ ਮੰਤਰੀ ਹਾਜੀ ਗੁਲਬਰ ਖਾਨ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।







