ਚੀਨ ਦੇ ਸਕੂਲਾਂ ‘ਚ ਤੇਜ਼ੀ ਨਾਲ ਫੈਲ ਰਿਹਾ ਰਹੱਸਮਈ ਨਿਮੋਨੀਆ
ਫੈਕਟ ਸਮਾਚਾਰ ਸੇਵਾ
ਬੀਜਿੰਗ , ਨਵੰਬਰ 23
ਚੀਨ ਅਜੇ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਜੂਝ ਰਿਹਾ ਹੈ। ਇਸ ਦੌਰਾਨ ਇੱਥੇ ਇੱਕ ਹੋਰ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇੱਥੋਂ ਦੇ ਸਕੂਲਾਂ ਵਿੱਚ ਰਹੱਸਮਈ ਨਿਮੋਨੀਆ ਦਾ ਪ੍ਰਕੋਪ ਫੈਲਦਾ ਜਾ ਰਿਹਾ ਹੈ। ਇਸ ਕਾਰਨ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਚਿੰਤਾਜਨਕ ਸਥਿਤੀ ਕੋਵਿਡ ਸੰਕਟ ਦੇ ਸ਼ੁਰੂਆਤੀ ਦਿਨਾਂ ਦੀ ਯਾਦ ਦਿਵਾਉਂਦੀ ਹੈ। ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖ ਕੇ ਸਿਹਤ ਅਧਿਕਾਰੀ ਚਿੰਤਤ ਹੋ ਗਏ ਹਨ। ਜ਼ਿਆਦਾਤਰ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਸਕੂਲ ਬੰਦ ਹੋਣ ਵਾਲੇ ਹਨ…
500 ਮੀਲ ਉੱਤਰ-ਪੂਰਬ ਵਿੱਚ ਬੀਜਿੰਗ ਅਤੇ ਲਿਆਓਨਿੰਗ ਦੇ ਹਸਪਤਾਲਾਂ ਵਿੱਚ ਦਾਖਲ ਬਿਮਾਰ ਬੱਚਿਆਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ। ਇੱਥੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾ ਦਾਖਲ ਮਰੀਜ਼ਾਂ ਕਾਰਨ ਹਸਪਤਾਲ ਦੇ ਸਾਧਨਾਂ ’ਤੇ ਭਾਰੀ ਦਬਾਅ ਹੈ। ਜਾਣਕਾਰੀ ਅਨੁਸਾਰ ਇਸ ਪ੍ਰਕੋਪ ਦੇ ਕਾਰਨ ਸਕੂਲ ਬੰਦ ਹੋਣੇ ਤੈਅ ਹਨ।
ਰਹੱਸਮਈ ਬਿਮਾਰੀ ਦੇ ਲੱਛਣ :
ਇਸ ਕਾਰਨ ਬੱਚਿਆਂ ਦੇ ਫੇਫੜਿਆਂ ਵਿੱਚ ਸੋਜ ਹੋ ਰਹੀ ਹੈ। ਤੇਜ਼ ਬੁਖਾਰ ਸਮੇਤ ਕਈ ਅਸਾਧਾਰਨ ਲੱਛਣ ਪਾਏ ਗਏ ਹਨ। ਹਾਲਾਂਕਿ, ਇਸ ਤੋਂ ਪ੍ਰਭਾਵਿਤ ਬੱਚਿਆਂ ਵਿੱਚ ਖੰਘ, ਫਲੂ, ਆਰਐਸਵੀ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਸਬੰਧਤ ਹੋਰ ਲੱਛਣ ਨਹੀਂ ਪਾਏ ਜਾ ਰਹੇ।
WHO ਨੇ ਮੰਗੀ ਜਾਣਕਾਰੀ
ਨਿਮੋਨੀਆ ਦੇ ਵਧਦੇ ਖ਼ਤਰੇ ‘ਤੇ ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਬਿਮਾਰੀ ਦੇ ਖ਼ਤਰੇ ਨੂੰ ਘੱਟ ਕਰਨ ਲਈ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਡਬਲਯੂਐਚਓ ਨੇ ਬੱਚਿਆਂ ਵਿੱਚ ਨਿਮੋਨੀਆ ਦੇ ਕਲੱਸਟਰ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਚੀਨ ਨੂੰ ਅਧਿਕਾਰਤ ਅਪੀਲ ਕੀਤੀ ਹੈ।







