ਨਕੋਦਰ ‘ਚ ਕੱਪੜਾ ਵਪਾਰੀ ਅਤੇ ਗੰਨਮੈਨ ਦਾ ਗੋਲੀਆਂ ਮਾਰ ਕੇ ਕਤਲ

ਫੈਕਟ ਸਮਾਚਾਰ ਸੇਵਾ

ਸੁਲਤਾਨਪੁਰ ਲੋਧੀ , ਦਸੰਬਰ 8

ਦੁਆਬੇ ਦੇ ਮਸ਼ਹੂਰ ਕਸਬੇ ਨਕੋਦਰ ਜਿਲਾ ਜਲੰਧਰ ਵਿਖੇ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਦੇ ਕੱਪੜਾ ਵਪਾਰੀ ਦਾ 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਗੰਨਮੈਨ ਦੀ ਵੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ (39) ਪੁੱਤਰ ਹਰਮਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਨਕੋਦਰ ਨੂੰ ਅਣਪਛਾਤੇ ਹਮਲਾਵਰਾਂ ਨੇ ਰਾਇਲ ਟਾਵਰ ਕੋਲ ਉਸ ਦੀ ਦੁਕਾਨ ’ਤੇ ਰਾਤ 8.30 ਵਜੇ ਦੇ ਲੱਗਭਗ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਗੰਨਮੈਨ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋ ਗਿਆ। ਜਿਵੇਂ ਹੀ ਗੋਲ਼ੀਆਂ ਚੱਲੀਆਂ ਤਾਂ ਪੂਰੇ ਬਾਜ਼ਾਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ।

ਪੁਲੀਸ ਨੂੰ ਜਦੋਂ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਤਾਂ ਆਈ. ਜੀ. ਗੁਰਸ਼ਰਨ ਸਿੰਘ, ਐੱਸ. ਐੱਸ. ਪੀ. ਸਵਰਨਦੀਪ ਸਿੰਘ, ਡੀ. ਐੱਸ. ਪੀ. ਸਰਬਜੀਤ ਸਿੰਘ ਬਾਹੀਆ ਅਤੇ ਡੀ. ਐੱਸ. ਪੀ. ਹਰਜਿੰਦਰ ਸਿੰਘ ਨਾਲ ਵੱਖ-ਵੱਖ ਥਾਣਿਆਂ ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪੁਲੀਸ ਨੇ ਮੌਕੇ ’ਤੇ ਕੁਝ ਗੋਲ਼ੀਆਂ ਦੇ ਖੋਲ ਬਰਾਮਦ ਕੀਤੇ।

Leave a Reply

Your email address will not be published. Required fields are marked *

View in English