ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜਨਵਰੀ 10
ਧੁੰਦ ਅਤੇ ਕੋਹਰੇ ਕਾਰਨ ਰੇਲਗੱਡੀਆਂ ਦੀ ਰਫ਼ਤਾਰ ਨੂੰ ਬਰੇਕ ਲੱਗ ਗਈ ਹੈ। ਪਿਛਲੇ 15 ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋ ਗਿਆ ਹੈ। ਕਈ ਮਹੱਤਵਪੂਰਨ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ 5 ਤੋਂ 6 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ 225 ਟਰੇਨਾਂ ਪੂਰੀ ਤਰ੍ਹਾਂ ਰੱਦ ਹਨ, ਜਦੋਂਕਿ 27 ਟਰੇਨਾਂ ਅੰਸ਼ਿਕ ਤੌਰ ’ਤੇ ਕੈਂਸਿਲ ਕਰ ਦਿੱਤੀਆਂ ਗਈਆਂ ਹਨ।
ਰੱਦ ਕੀਤੀਆਂ ਟਰੇਨਾਂ ਤੋਂ ਇਲਾਵਾ 39 ਟਰੇਨਾਂ ਆਪਣੇ ਬਦਲੇ ਹੋਏ ਸਮੇਂ ਮੁਤਾਬਿਕ ਚੱਲ ਰਹੀਆਂ ਹਨ, ਜਦੋਂਕਿ 19 ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਇੰਡੀਅਨ ਰੇਲਵੇ ਟਰੇਨ ਇਨਕੁਆਰੀ ਸਿਸਟਮ ਦੀ ਵੈੱਬਸਾਈਟ ਮੁਤਾਬਿਕ ਅੱਜ ਕੁੱਲ 332 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੱਦ ਕੀਤੀਆਂ ਟਰੇਨਾਂ ਦੀ ਸੂਚੀ ਵਿਚ ਯੂਪੀ-ਬਿਹਾਰ, ਰਾਜਸਥਾਨ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਆਦਿ ਰਾਜਾਂ ਤੋਂ ਦਿੱਲੀ ਆਉਣ ਅਤੇ ਜਾਣ ਵਾਲੀਆਂ ਟਰੇਨਾਂ ਸ਼ਾਮਿਲ ਹਨ।







