ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਸਤੰਬਰ 20

ਬੰਗਾਲ ਦੀ ਖਾੜੀ ‘ਚ ਹਵਾ ਦੇ ਉਪਰਲੇ ਹਿੱਸੇ ‘ਚ ਬਣਿਆ ਚੱਕਰਵਾਤ ਹੁਣ ਘੱਟ ਦਬਾਅ ਵਾਲੇ ਖੇਤਰ ‘ਚ ਬਦਲਦਾ ਨਜ਼ਰ ਆ ਰਿਹਾ ਹੈ। ਇਸ ਕਾਰਨ ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੂਰਬੀ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਉੜੀਸਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਮੁਤਾਬਕ ਮੌਨਸੂਨ ਟ੍ਰਾਫ ਇਸ ਸਮੇਂ ਬਠਿੰਡਾ, ਦਿੱਲੀ, ਹਰਦੋਈ, ਵਾਰਾਣਸੀ, ਰਾਂਚੀ, ਬਾਲਾਸੋਰ ਤੋਂ ਗੁਜ਼ਰ ਰਿਹਾ ਹੈ। ਇਸ ਕਾਰਨ ਅਗਲੇ 3 ਦਿਨਾਂ ਤਕ ਕਈ ਸੂਬਿਆਂ ਵਿੱਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ ਅੱਜ ਵੀ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਉੱਤਰ ਪ੍ਰਦੇਸ਼ ਤਾਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਇਲਾਕਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਅੱਜ ਸੂਬੇ ਦੇ ਪੂਰਬੀ ਹਿੱਸਿਆਂ ‘ਚ ਕਈ ਥਾਵਾਂ ‘ਤੇ ਮੁੜ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਪੂਰਬੀ ਉੱਤਰ ਪ੍ਰਦੇਸ਼ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ ਇੱਕ ਵਾਰ ਫਿਰ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੋਰਖਪੁਰ, ਆਜ਼ਮਗੜ੍ਹ, ਦੇਵਰੀਆ, ਮਊ, ਬਲੀਆ, ਗੋਂਡਾ, ਬਸਤੀ, ਅੰਬੇਡਕਰ ਨਗਰ, ਸੰਤ ਕਬੀਰ ਨਗਰ ਤੇ ਅਯੁੱਧਿਆ ਦੇ ਅਧਿਕਾਰੀਆਂ ਨੂੰ ਸੰਭਾਵਿਤ ਸਥਿਤੀਆਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ, ਬਚਾਅ ਤੇ ਰਾਹਤ ਲਈ ਯੋਜਨਾਬੱਧ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੌਸਮ ਵਿਭਾਗ ਅਨੁਸਾਰ ਘੱਟ ਦਬਾਅ ਵਾਲਾ ਖੇਤਰ 21 ਸਤੰਬਰ ਦੀ ਰਾਤ ਤੋਂ 22 ਸਤੰਬਰ ਦੀ ਸਵੇਰ ਤਕ ਪੂਰਬੀ ਮੱਧ ਪ੍ਰਦੇਸ਼ ਦੇ ਖੇਤਰਾਂ ਤਕ ਪਹੁੰਚ ਜਾਵੇਗਾ, ਜਿਸ ਕਾਰਨ ਪੂਰੇ ਮੱਧ ਪ੍ਰਦੇਸ਼ ਵਿੱਚ ਸਤੰਬਰ ਤੋਂ ਕਰੀਬ ਤਿੰਨ ਦਿਨ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇੰਦੌਰ, ਭੋਪਾਲ, ਗਵਾਲੀਅਰ, ਰੀਵਾ, ਸ਼ਾਹਡੋਲ, ਜਬਲਪੁਰ, ਬੈਤੂਲ ਦੇ ਆਸ-ਪਾਸ ਦੇ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ।

Leave a Reply

Your email address will not be published. Required fields are marked *

View in English