ਡਿਪਟੀ ਕਸ਼ਿਨਰ ਵੱਲੋਂ ਕਣਕ ਦੀ ਖਰੀਦ ਲਈ ਪ੍ਰਬੰਧਾਂ ਦਾ ਜਾਇਜਾ

ਫੈਕਟ ਸਮਾਚਾਰ ਸੇਵਾ

ਐਸ ਏ ਐਸ ਨਗਰ, ਅਪ੍ਰੈਲ 10

ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਸ਼ਿਨਰ ਆਸ਼ਿਕਾ ਜੈਨ ਨੇ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਦੀਆਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।

ਅੱਜ ਸਥਾਨਿਕ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਆਸ਼ਿਕਾ ਜੈਨ ਨੇ ਆਉਂਦੇ ਦਿਨਾਂ ਵਿੱਚ ਕਣਕ ਦੀ ਆਮਦ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਲਿਫਟਿੰਗ ਦੇ ਕਾਰਜ ’ਤੇ ਰੋਜ਼ਮਰਾ ਦੇ ਆਧਾਰ ’ਤੇ ਨਿਗਰਾਣੀ ਰੱਖਣ ਲਈ ਅਧਿਕਾਰੀਆਂ ਨੂੰ ਆਖਿਆ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣੀ ਚਾਹੀਦੀ ਅਤੇ ਸਾਰਾ ਕਾਰਜ ਬਿਨਾ ਕਿਸੇ ਅੜਚਨ ਦੇ ਹੋਣਾ ਚਾਹੀਦਾ ਹੈ।

ਇਸ ਦੌਰਾਨ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਿਛਲੀ ਸ਼ਾਮ ਤੱਕ 2454 ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਅਤੇ 128 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਇਸ ਕੁੱਲ ਖਰੀਦ ਵਿੱਚੋਂ ਪ੍ਰਾਈਵੇਟ ਏਜੰਸੀਆਂ ਨੇ 72 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ ਜਦਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ 56 ਮੀਟਰਕ ਟਨ ਕਣਕ ਖਰੀਦੀ ਗਈ ਹੈ। ਡਿਟੀ ਕਮਿਸ਼ਨਰ ਨੇ ਨਿੱਜੀ ਖਰੀਦ ਏਜੰਸੀਆਂ ਵੱਲੋਂ ਖਰੀਦ ਵਿੱਚ ਦਿਖਾਈ ਜਾ ਰਹੀ ਰੁਚੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਣਕ ਦੀ ਖਰੀਦ ਅਤੇ ਲਿਫਟਿੰਗ ਤੋਂ ਇਲਾਵਾ ਮੰਡੀਆਂ ਦੇ ਰੱਖ ਰਖਾਵ, ਸਫ਼ਾਈ ਪ੍ਰਬੰਧਾਂ, ਪੀਣ ਵਾਲੇ ਪਾਣੀ, ਪਖਾਨਿਆਂ, ਖਰੀਦ ਕੇਂਦਰ ਤੋਂ ਸਟੋਰੇਜ ਪੁਆਇੰਟ ਤੱਕ ਕਣਕ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਸਾਰੇ ਟਰਾਂਸਪੋਰਟ ਵਾਹਨਾਂ ਵਿੱਚ ਵਾਹਨ ਟਰੈਕਿੰਗ ਸਿਸਟਮ ਲਗਵਾਉਣ ਸਬੰਧੀ ਕਾਰਜਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਖਰੀਦ ਕਾਰਜਾਂ ਵਿੱਚ ਆਉਣ ਵਾਲੀ ਹਰ ਕਮੀ ਨੂੰ ਦੂਰ ਕਰਨ ਲਈ ਕਿਹਾ।

ਆਸ਼ਿਕਾ ਜੈਨ ਨੇ ਖਰੀਦ ਪ੍ਰਬੰਧਾਂ ਨਾਲ ਜੁੜੇ ਹੋਏ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਪੂਰੀ ਚੌਕਸੀ ਵਰਤਣ ਦੀ ਹਿਦਾਇਤ ਕੀਤੀ ਤਾਂ ਜੋ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਨੇ ਨਿਰਧਾਰਤ ਸਮੇਂ ਵਿੱਚ ਫ਼ਸਲ ਦੀਆਂ ਅਦਾਇਗੀਆਂ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸੇ ਦੌਰਾਨ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਹੋਈ ਕਣਕ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਲ ਨਾ ਆਵੇ। ਗੌਰਤਲਬ ਹੈ ਕਿ ਇਸ ਸਾਲ ਜ਼ਿਲ੍ਹੇ ਵਿੱਚ 46000 ਹੈਕਟੇਅਰ ਰਕਬੇ ਵਿੱਚ ਕਣਕ ਬੀਜੀ ਗਈ ਹੈ ਅਤੇ 1,96,000 ਮੀਟਰਕ ਟਨ ਕਣਕ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਲਈ 1,39,053 ਮੀਟਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਪੰਜਾਬ ਸਰਕਾਰ ਕਿਸਾਨਾਂ ਦਾ ਇੱਕ ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ। ਇਸ ਕਰਕੇ ਸਾਰੀਆਂ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰਬੰਧ ਵਿੱਚ ਕੋਈ ਊਣਤਾਈ ਨਹੀਂ ਰਹਿਣੀ ਚਾਹੀਦੀ। ਮੀਟਿੰਗ ਵਿੱਚ ਏ.ਡੀ.ਸੀ. (ਯੂ.ਡੀ.) ਦਮਨਜੀਤ ਸਿੰਘ ਮਾਨ, ਐੱਸ.ਡੀ.ਐੱਮ. ਮੋਹਾਲੀ ਸਰਬਜੀਤ ਕੌਰ, ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ. ਖਰੜ ਰਵਿੰਦਰ ਪਾਲ ਸਿੰਘ, ਡੀ.ਐਫ.ਐਸ.ਸੀ. ਮੇਜਰ ਗਰਪ੍ਰੀਤ ਸਿੰਘ ਕੰਗ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ |

Leave a Reply

Your email address will not be published. Required fields are marked *

View in English