ਫੈਕਟ ਸਮਾਚਾਰ ਸੇਵਾ
ਰੂਪਨਗਰ, ਅਕਤੂਬਰ 29
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਜੈਨ ਰੂਪਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਰੂਪਨਗਰ ਡਾ ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਿਵਾਲੀ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਨੂਰਪੁਰ ਬੇਦੀ, ਕੀਰਤਪੁਰ ਸਾਹਿਬ, ਨੰਗਲ ਅਤੇ ਆਸ ਪਾਸ ਦਾ ਏਰੀਆ ਅਤੇ ਰੂਪਨਗਰ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਮਿਠਾਈਆਂ ਅਤੇ ਖਾਣ ਪੀਣ ਲਈ ਵਰਤੀਆਂ ਜਾਂਦੀਆਂ ਵਸਤਾਂ ਜਿਸ ਵਿੱਚ ਖੋਆ ਪਨੀਰ, ਬਰਫੀ, ਰੰਗ ਦਰ ਮਿਠਾਈਆਂ, ਚਾਂਦੀ ਦੇ ਵਰਕ ਵਾਲੀਆਂ ਮਿਠਾਈਆਂ ਆਦਿ ਦੇ 18 ਸੈਂਪਲ ਭਰ ਕੇ ਟੈਸਟ ਕਰਾਉਣ ਲਈ ਸਟੇਟ ਫੂਡ ਲੈਬਾਟਰੀ ਨੂੰ ਭੇਜੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸੇਫਟੀ ਸਰਦਾਰ ਮਨਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਸਹੀ ਸ਼ੁੱਧ ਅਤੇ ਮਿਆਰੀ ਵਸਤਾਂ ਮੁਹਈਆ ਕਰਵਾਉਣ ਹਿੱਤ ਵਚਨਵੱਧ ਹੈ ਤਿਉਹਾਰਾਂ ਦੇ ਦਿਨਾਂ ਵਿੱਚ ਇਹਨਾਂ ਸੈਂਪਲਾਂ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਹੁਣ ਫੂਡ ਸੇਫਟੀ ਟੀਮ ਵੱਲੋਂ ਰੋਜਾਨਾ ਹੀ ਵੱਖ ਵੱਖ ਥਾਵਾਂ ਤੇ ਖਾਣ ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਸੈਂਪਲ ਭਰੇ ਜਾ ਰਹੇ ਹਨ ਤਾਂ ਜੋ ਮਿਲਾਵਟ ਖੋਰਾਂ ਦੀ ਪਹਿਚਾਣ ਕਰਕੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਖਾਣ ਪੀਣ ਦਾ ਸਾਫ ਸੁਥਰਾ ਸਾਮਾਨ ਮੁਹਈਆ ਕਰਵਾਇਆ ਜਾ ਸਕੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖਾਣ ਪੀਣ ਦੀਆਂ ਵਸਤਾਂ ਸਾਫ ਸੁਥਰੀਆਂ ਤੇ ਭਰੋਸੇਯੋਗ ਦੁਕਾਨਾਂ ਤੋਂ ਹੀ ਖਰੀਦਣ ਅਤੇ ਸਮਾਨ ਖਰੀਦਣ ਲੱਗਿਆਂ ਉਸ ਦੀ ਮਿਆਦ ਜਰੂਰ ਚੈੱਕ ਕਰ ਲੈਣ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੇਚੇ ਜਾਣ ਵਾਲੇ ਸਮਾਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਉਣ।
ਇਸ ਮੌਕੇ ਤੇ ਫੂਡ ਸੇਫਟੀ ਅਫਸਰ ਦਿਨੇਸ਼ ਜੋਤ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨੂਰਪੁਰ ਬੇਦੀ ਅਤੇ ਰੂਪਨਗਰ ਸ਼ਹਿਰ ਦੀਆਂ ਵੱਖ ਵੱਖ ਮਿਠਾਈ ਦੀਆ ਦੁਕਾਨਾਂ ਤੋਂ ਭਰੇ 18 ਸੈਂਪਲਾਂ ਨੂੰ ਸਟੇਟ ਫੂਡ ਲੈਬਾਟਰੀ ਨੂੰ ਟੈਸਟ ਕਰਨ ਲਈ ਭੇਜ ਦਿੱਤਾ ਗਿਆ ਹੈ, ਰਿਪੋਰਟ ਪ੍ਰਾਪਤ ਹੋਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਰੰਗ ਵਾਲੀਆਂ ਮਿਠਾਈਆਂ ਨਾ ਖਰੀਦੀਆਂ ਜਾਣ।







