ਫੈਕਟ ਸਮਾਚਾਰ ਸੇਵਾ
ਨੋਇਡਾ , ਅਗਸਤ 31
ਕਾਕਰੋਚ ਜਨਤਾ ਪਾਰਟੀ ਦੇ ਦਿੱਲੀ ਦੇ ਜੰਤਰ-ਮੰਤਰ ’ਤੇ ਹੋਏ ਪ੍ਰਦਰਸ਼ਨ ਦੌਰਾਨ ਅਪਸ਼ਬਦ ਕਹਿਣ ਵਾਲੀ ਨੋਇਡਾ ਦੀ ਰੁਚਿਕਾ ਸਿੰਘ ਇਕ ਵਾਰ ਫਿਰ ਚਰਚਾ ਵਿਚ ਹੈ। ਉਸ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਨਾਬਾਲਿਗ ਆਪਣੀ ਜ਼ਿੰਦਗੀ ਤਬਾਹ ਹੋਣ ਦੀ ਗੱਲ ਕਹਿੰਦੇ ਹੋਏ ਪ੍ਰਧਾਨ ਮੰਤਰੀ ਨੂੰ ਫਿਰ ਅਪਸ਼ਬਦ ਕਹਿੰਦੀ ਨਜ਼ਰ ਆ ਰਹੀ ਹੈ। ਹਾਲਾਂਕਿ, ਪੰਜਾਬੀ ਜਾਗਰਣ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਵੀਡੀਓ ਨੂੰ ਲੈ ਕੇ ਨੋਇਡਾ ਸੈਕਟਰ 168 ਸਥਿਤ ਲੋਟਸ ਜਿੰਗ ਸੁਸਾਇਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਲੜਕੀ ਅਤੇ ਉਸ ਦੀ ਮਾਂ ਇੱਥੇ ਵਾਪਸ ਨਹੀਂ ਆਈਆਂ ਹਨ। ਵੀਡੀਓ ਵੀ ਸੁਸਾਇਟੀ ਦਾ ਨਹੀਂ ਹੈ। ਐਕਸਪ੍ਰੈਸਵੇ ਥਾਣਾ ਪੁਲਿਸ ਨੇ ਨਾਬਾਲਿਗ ਦੇ ਸੁਸਾਇਟੀ ‘ਚ ਹੋਣ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਹ ਫਰੀਦਾਬਾਦ ‘ਚ ਹੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ 39 ਸਕਿੰਟ ਦੇ ਵੀਡੀਓ ‘ਚ ਨਾਬਾਲਿਗ ਕਹਿ ਰਹੀ ਹੈ, ‘ਮੇਰੀ ਜ਼ਿੰਦਗੀ ਨਰਕ ਬਣ ਗਈ ਹੈ। ਮੈਨੂੰ ਹਰ ਥਾਂ ਟਾਰਚਰ ਕੀਤਾ ਜਾ ਰਿਹਾ ਹੈ। ਮੇਰੇ ਕੋਲ ਜੋ ਕੁਝ ਸੀ, ਉਹ ਸਭ ਚਲਾ ਗਿਆ। ਨਾ ਮੈਂ ਕਿਤੇ ਜਾ ਸਕਦੀ ਹਾਂ, ਨਾ ਕਿਤੇ ਰਹਿ ਸਕਦੀ ਹਾਂ ਅਤੇ ਨਾ ਹੀ ਮੇਰੇ ਕੋਲ ਕੋਈ ਆਜ਼ਾਦੀ ਹੈ। ਮੈਨੂੰ ਹਰ ਥਾਂ ਆਪਣਾ ਚਿਹਰਾ ਲੁਕਾ ਕੇ ਰਹਿਣਾ ਪੈ ਰਿਹਾ ਹੈ।’ ਵੀਡੀਓ ਦੇ ਅੰਤ ਵਿਚ ਉਹ ਇਕ ਵਾਰ ਫਿਰ ਪ੍ਰਧਾਨ ਮੰਤਰੀ ਲਈ ਇਤਰਾਜ਼ਯੋਗ ਸ਼ਬਦ ਕਹਿ ਦਿੰਦੀ ਹੈ।
ਪ੍ਰਦਰਸ਼ਨ ਦਾ ਵੀਡੀਓ ਹੋਇਆ ਸੀ ਪ੍ਰਸਾਰਿਤ, ਦਰਜ ਹੋਇਆ ਸੀ ਮਾਮਲਾ
ਦਿੱਲੀ ‘ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਸਾਹਮਣੇ ਆਏ ਇਕ ਵੀਡੀਓ ‘ਚ ਨਾਬਾਲਿਗ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਦੀ ਨਜ਼ਰ ਆਈ ਸੀ। ਉਸ ਦੇ ਖ਼ਿਲਾਫ਼ ਗਾਜ਼ੀਆਬਾਦ ਦੀ ਰਹਿਣ ਵਾਲੀ ਸੁਪਰੀਮ ਕੋਰਟ ਦੀ ਵਕੀਲ ਸਮ੍ਰਿਤੀ ਸਿੰਘ ਨੇ ਨੋਇਡਾ ਦੇ ਐਕਸਪ੍ਰੈਸਵੇ ਥਾਣੇ ਵਿਚ 29 ਜੁਲਾਈ ਨੂੰ ਮਾਮਲਾ ਦਰਜ ਕਰਵਾਇਆ ਸੀ।
ਨਾਬਾਲਿਗ ਅਤੇ ਉਸ ਦੀ ਮਾਂ ਨੇ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਤੋਂ ਮਾਫ਼ੀ ਵੀ ਮੰਗੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ CJP ਪ੍ਰਦਰਸ਼ਨ ਦੌਰਾਨ ਇਤਰਾਜ਼ਯੋਗ ਭਾਸ਼ਾ ਬੋਲਣ ਵਾਲਿਆਂ ਨੂੰ ਮਾਫ਼ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਸ ਵਾਇਰਲ ਵੀਡੀਓ ਨੇ ਇੱਕ ਵਾਰ ਫਿਰ ਵਿਵਾਦ ਨੂੰ ਤੂਲ ਦੇ ਦਿੱਤਾ ਹੈ।






