ਫੈਕਟ ਸਮਾਚਾਰ ਸੇਵਾ
ਜਾਂਜਗੀਰ-ਚਾਂਪਾ , ਜੁਲਾਈ 27
ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਦੇ ਅਕਲਤਰਾ ਵਿੱਚ ਅੱਜ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਰੇਲਗੱਡੀ ਦੀਆਂ ਕਰੀਬ ਇੱਕ ਦਰਜਨ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਤੋਂ ਬਾਅਦ ਆਊਟਰ ‘ਚ ਕਈ ਯਾਤਰੀ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਵੜਾ-ਮੁੰਬਈ ਮਾਰਗ ‘ਤੇ ਹੋਏ ਇਸ ਹਾਦਸੇ ਤੋਂ ਬਾਅਦ ਫਿਲਹਾਲ 10 ਤੋਂ ਜ਼ਿਆਦਾ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇਹ ਰੇਲਵੇ ਲਾਈਨ ਦੇਸ਼ ਦੇ ਸਭ ਤੋਂ ਵਿਅਸਤ ਰੂਟ ਵਿੱਚ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਬਿਲਾਸਪੁਰ ਤੋਂ ਮਾਲ ਗੱਡੀ ਰਾਏਗੜ੍ਹ ਵੱਲ ਜਾ ਰਹੀ ਸੀ। ਇਸ ਦੌਰਾਨ ਅਕਲਤਰਾ ਅਤੇ ਨੇਲਾ ਰੇਲਵੇ ਸਟੇਸ਼ਨਾਂ ਵਿਚਕਾਰ ਅਕਲਤਰਾ ਈਸਟ ਕੈਬਿਨ ਨੇੜੇ ਮਾਲ ਗੱਡੀ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਤੋਂ ਬਾਅਦ ਟਰੈਕ ‘ਤੇ ਪਈਆਂ ਗੱਡੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੋਰਬਾ ਅਤੇ ਬਿਲਾਸਪੁਰ ਤੋਂ ਵੀ ਰਾਹਤ ਟੀਮਾਂ ਭੇਜੀਆਂ ਗਈਆਂ ਹਨ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਟ ਨੂੰ ਬਹਾਲ ਕਰਨ ਵਿੱਚ ਸਮਾਂ ਲੱਗ ਸਕਦਾ ਹੈ।







