ਫੈਕਟ ਸਮਾਚਾਰ ਸੇਵਾ
ਲੁਧਿਆਣਾ , ਨਵੰਬਰ 25
ਥਾਰ ਤੇ ਫੋਰਚੂਨਰ ਕਾਰ ਉੱਪਰ ਐਮਐਲਏ ਤੇ ਜੂਡੀਸ਼ੀਅਲ ਦੇ ਸਟੀਕਰ ਲਗਾ ਕੇ ਆਮ ਲੋਕਾਂ ਉੱਪਰ ਰੋਅਬ ਝਾੜਨ ਵਾਲੇ ਤਿੰਨ ਨੌਜਵਾਨਾਂ ਨੂੰ ਥਾਣਾ ਡਿਵੀਜ਼ਰ ਨੰਬਰ ਸੱਤ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਅਤੇ ਮਾਛੀਵਾੜਾ ਦੇ ਰਹਿਣ ਵਾਲੇ ਤਿੰਨੋ ਨੌਜਵਾਨ ਫਾਰਚੂਨਰ ਅਤੇ ਥਾਰ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਵੱਲ ਆ ਰਹੇ ਹਨ। ਮੁਲਜਮਾਂ ਨੇ ਕਾਰਾਂ ਉੱਪਰ ਜੁਡੀਸ਼ੀਅਲ ਅਤੇ ਐਮਐਲਏ ਦਾ ਸਟੀਕਰ ਲਗਾਇਆ ਹੋਇਆ ਹਨ ਅਤੇ ਉਹ ਆਮ ਲੋਕਾਂ ਨੂੰ ਖੁਦ ਨੂੰ ਐਮਐਲਏ ਅਤੇ ਅਧਿਕਾਰੀ ਦੱਸਦੇ ਹਨ।
ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਇੰਚਾਰਜ ਸੁਖਦੇਵ ਬਰਾੜ ਅਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਵਰੁਣ ਕੁਮਾਰ ਅਤੇ ਉਸਦੇ ਦੋ ਸਾਥੀਆਂ ਵਜੋਂ ਹੋਈ ਹੈ।







