ਫੈਕਟ ਸਮਾਚਾਰ ਸੇਵਾ
ਅਬੋਹਰ , ਮਾਰਚ 10
ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਪਿੰਡ ਕਿਲਿਆਂਵਾਲੀ ਵਿਖੇ ਸਰਕਾਰੀ ਮੱਛੀ ਪੂੰਗ ਫਾਰਮ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਾਧੇ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਰਵਾਇਤੀ ਖੇਤੀ ਵਿੱਚ ਹੋਰ ਆਮਦਨ ਵਾਧਾ ਸੰਭਵ ਨਹੀਂ ਇਸ ਲਈ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਮੱਛੀ ਪਾਲਣ ਇੱਕ ਲਾਭਕਾਰੀ ਕਿੱਤਾ ਹੈ ਜਿਸ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਵੱਡਾ ਵਾਧਾ ਕਰ ਸਕਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਦੱਸਿਆ ਕਿ ਇਸ ਮੱਛੀ ਫੂੰਗ ਫਾਰਮ ਤੇ 10.10 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਪੰਜਾਬ ਦਾ 16ਵਾਂ ਸਰਕਾਰੀ ਮੱਛੀ ਪੂੰਗ ਫਾਰਮ ਹੈ ਜੋ ਕਿ 15 ਏਕੜ ਵਿੱਚ ਫੈਲਿਆ ਹੋਇਆ ਹੈ। ਕੈਬਨਟ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਰਾਜ ਵਿੱਚ 42031 ਏਕੜ ਰਕਬਾ ਮੱਛੀ ਪਾਲਣ ਅਧੀਨ ਅਤੇ 1315 ਏਕੜ ਤੋਂ ਵੱਧ ਰਕਬਾ ਝੀਂਗਾ ਪਾਲਣ ਅਧੀਨ ਹੈ। ਰਾਜ ਵਿੱਚ ਕੁੱਲ 1 ਲੱਖ 84 ਹਜਾਰ ਟਨ ਤੋਂ ਵੱਧ ਮੱਛੀ ਉਤਪਾਦਨ ਲਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਰਾਜ ਵਿੱਚ ਇੱਕ ਝਿੰਗਾ ਟ੍ਰੇਨਿੰਗ ਸੈਂਟਰ, 11 ਫੀਡ ਮਿੱਲਾਂ ਤੇ 7 ਲਬੋਟਰੀਆਂ ਵੀ ਮੱਛੀ ਪਾਲਕਾਂ ਲਈ ਕਾਰਜਸ਼ੀਲ ਹਨ। ਉਨਾਂ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ 431 ਲਾਭ ਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 23 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹਈਆ ਕਰਵਾਈ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਬੋਹਰ ਦੀ ਪੰਜਾਬ ਐਗਰੋ ਦੇ ਫੂਡ ਪ੍ਰੋਸੈਸਿੰਗ ਯੂਨਿਟ ਦੀ ਸਮਰੱਥਾ ਨੂੰ ਵਧਾਉਣ ਦਾ ਐਲਾਨ ਵੀ ਕੀਤਾ। ਉਨਾਂ ਨੇ ਕਿਹਾ ਕਿ ਅਬੋਹਰ ਵਿੱਚ ਮਿਰਚ ਦਾ ਪ੍ਰੋਸੈਸਿੰਗ ਪਲਾਂਟ ਸਥਾਪਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਪੰਜਾਬ ਦੇ ਬਜਟ ਵਿੱਚ ਬਕਾਇਦਾ ਐਲਾਨ ਹੋ ਗਿਆ ਹੈ।
ਗੁਰਮੀਤ ਸਿੰਘ ਖੁਡੀਆਂ ਨੇ ਆਖਿਆ ਕਿ ਖੇਤੀ ਜੋਤਾਂ ਦਾ ਆਕਾਰ ਘਟ ਰਿਹਾ ਹੈ ਇਸ ਲਈ ਹੁਣ ਕਿਸਾਨਾਂ ਲਈ ਸਹਾਇਕ ਧੰਦੇ ਅਪਣਾਉਣੇ ਜਰੂਰੀ ਹਨ। ਉਹਨਾਂ ਨੇ ਕਿਹਾ ਕਿ ਇਸ ਸੈਂਟਰ ਵਿਖੇ ਵੀ ਝਿੰਗਾ ਪਾਲਣ ਸਬੰਧੀ ਵੀ ਉਪਰਾਲੇ ਸ਼ੁਰੂ ਕੀਤੇ ਜਾਣਗੇ। ਉਨਾਂ ਨੇ ਪਸ਼ੂ ਪਾਲਣ ਵਿਭਾਗ ਵਿੱਚ 671 ਨੌਕਰੀਆਂ ਦੇਣ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਆਧਾਰ ਤੇ 40 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਬੀਜ, ਖਾਦ ਅਤੇ ਕੀਟਨਾਸ਼ਕ ਮਿਲਣ ਇਸ ਲਈ ਵਿਭਾਗ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਗੁਰਮੀਤ ਸਿੰਘ ਖੁਡੀਆਂ ਨੇ ਹੋਰ ਕਿਹਾ ਕਿ ਮਾਲਵਾ ਨਹਿਰ ਨਾਂ ਦੀ ਇੱਕ ਤੀਜੀ ਨਹਿਰ ਜੋੜੀਆਂ ਨਹਿਰਾਂ ਦੇ ਨਾਲ ਕੱਢੀ ਜਾਵੇਗੀ ਜਿਸ ਨਾਲ 178000 ਏਕੜ ਰਕਬੇ ਨੂੰ ਪੂਰਾ ਸਿੰਚਾਈ ਪਾਣੀ ਮਿਲੇਗਾ। ਉਹਨਾਂ ਨੇ ਕਿਹਾ ਕਿ ਹੁਣ ਜੋ ਪਾਣੀ ਬੇਕਾਰ ਹਰੀਕੇ ਤੋਂ ਪਾਕਿਸਤਾਨ ਵੱਲ ਪਾਸੇ ਚਲਾ ਜਾਂਦਾ ਹੈ ਉਹ ਜਾਣਾ ਬੰਦ ਹੋ ਜਾਵੇਗਾ ਅਤੇ ਟੇਲਾਂ ਤੱਕ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਪਿੰਡ ਕਿੱਲਿਆਂਵਾਲੀ ਵਿੱਚ ਦਾਣਾ ਮੰਡੀ ਬਣਾਉਣ ਦੀ ਮੰਗ ਸਮੇਤ ਪਿੰਡ ਵਾਸੀਆਂ ਦੀਆਂ ਹੋਰ ਮੰਗਾਂ ਮੰਨਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਮੱਛੀ ਪੂੰਗ ਫਾਰਮ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਜੀ ਆਇਆਂ ਨੂੰ ਆਖਿਆ।
ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਇਸ ਤੋਂ ਪਹਿਲਾਂ ਬੋਲਦਿਆਂ ਕਿਹਾ ਕਿ ਦੋ ਸਾਲਾਂ ਦੇ ਥੋੜੇ ਸਮੇਂ ਵਿੱਚ ਹੀ ਪੰਜਾਬ ਸਰਕਾਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਹਨ ਅਤੇ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ।
ਪਾਰਟੀ ਦੇ ਜਨਰਲ ਸਕੱਤਰ ਉਪਕਾਰ ਸਿੰਘ ਜਾਖੜ ਨੇ ਕੈਬਨਟ ਮੰਤਰੀ ਨੂੰ ਪਿੰਡ ਵਿਖੇ ਪੁੱਜਣ ਲਈ ਜੀ ਆਇਆਂ ਨੂੰ ਆਖਿਆ। ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ, ਐਸਡੀਐਮ ਬਲਕਰਨ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਕੇਵਲ ਕ੍ਰਿਸ਼ਨ, ਮੋਹਨ ਸਿੰਘ ਕਿੱਲਿਆਂਵਾਲੀ, ਪ੍ਰੋਫੈਸਰ ਤੇਜਬੀਰ ਸਿੰਘ ਬਰਾੜ, ਪੰਕਜ ਨਰੂਲਾ ਤੋਂ ਇਲਾਵਾ ਸਥਾਨਕ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।







