ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 29
ਇਸ ਵਾਰ ਨਵੇਂ ਸਾਲ ‘ਚ ਸਰਦੀ ਦਾ ਕਹਿਰ ਸਤਾਏਗਾ। ਮੌਸਮ ਵਿਭਾਗ ਨੇ ਨਵੇਂ ਸਾਲ ‘ਚ ਉੱਤਰੀ ਭਾਰਤ ‘ਚ ਸੀਤ ਲਹਿਰ, ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 30 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ‘ਚ ਤੇਜ਼ ਸੀਤ ਲਹਿਰ ਆ ਸਕਦੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਤੇਜ਼ ਸੀਤ ਲਹਿਰ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਲੱਦਾਖ, ਮੁਜ਼ੱਫਰਾਬਾਦ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ‘ਚ ਵੀ ਸੀਤ ਲਹਿਰ ਦੇ ਹਾਲਾਤ ਬਣ ਰਹੇ ਹਨ। ਮੌਸਮ ਵਿਭਾਗ ਅਨੁਸਾਰ 29 ਦਸੰਬਰ ਨੂੰ ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ। ਆਈਐਮਡੀ ਦੇ ਵਿਗਿਆਨੀ ਅਤੁਲ ਕੁਮਾਰ ਸਿੰਘ ਨੇ ਕਿਹਾ ਕਿ ਯੂਪੀ ਵਿੱਚ ਐਤਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ ਅਤੇ ਅਗਲੇ ਦੋ-ਤਿੰਨ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਤਿੰਨ ਤੋਂ ਛੇ ਡਿਗਰੀ ਦੀ ਗਿਰਾਵਟ ਆਵੇਗੀ। ਹਾਲਾਂਕਿ ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਐਤਵਾਰ ਸਵੇਰ ਤੱਕ ਹਲਕੀ ਬਾਰਿਸ਼ ਅਤੇ ਦਰਮਿਆਨੀ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਉੱਤਰ-ਪੂਰਬ-ਚੰਬਾ, ਕਾਂਗੜਾ, ਕੁੱਲੂ, ਮੰਡੀ ਦੇ ਉੱਤਰੀ ਹਿੱਸਿਆਂ, ਲਾਹੌਲ-ਸਪੀਤੀ, ਕਿਨੌਰ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ।







