ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਪ੍ਰੈਲ 10
ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਖਤੀ ਦਾ ਦੌਰ ਵਾਪਸ ਆਉਣਾ ਸ਼ੁਰੂ ਹੋ ਗਿਆ ਹੈ। ਕਈ ਰਾਜਾਂ ਨੇ ਫਿਰ ਤੋਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ, ਜਦੋਂ ਕਿ ਕਈ ਰਾਜਾਂ ਨੇ ਬਹੁਤ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਭ ਹਸਪਤਾਲਾਂ ,ਪੌਲੀਕਲੀਨਿਕਾਂ ਅਤੇ ਡਿਸਪੈਂਸਰੀਆਂ ਵਿੱਚ ਟੈਸਟਿੰਗ ਵਧਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕਰੋਨਾ ਇਨਫੈਕਸ਼ਨ ਕਾਰਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦੋ ਦਿਨਾਂ ਲਈ ਮੌਕਡ੍ਰਿਲ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਅਤੇ ਵਧੀਕ ਮੁੱਖ ਸਕੱਤਰਾਂ ਦੇ ਨਾਲ ਇੱਕ ਸਮੀਖਿਆ ਮੀਟਿੰਗ ਵਿੱਚ ਤਿਆਰੀ ਦੀ ਜਾਂਚ ਕਰਨ ਦੇ ਨਾਲ-ਨਾਲ ਤਿਆਰੀਆਂ ਬਾਰੇ ਮੌਕਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਅੱਜ ਦੇਸ਼ ਭਰ ਵਿੱਚ ਮੌਕਡ੍ਰਿਲ ਸ਼ੁਰੂ ਹੋ ਗਈ ਹੈ। ਚੇਨਈ ਦੇ ਰਾਜੀਵ ਗਾਂਧੀ ਜਨਰਲ ਹਸਪਤਾਲ ਵਿੱਚ ਕੋਰੋਨਾ ਮਹਾਂਮਾਰੀ ਦੀਆਂ ਤਿਆਰੀਆਂ ਸਬੰਧੀ ਇੱਕ ਮੌਕ ਡਰਿੱਲ ਵੀ ਕਰਵਾਈ ਗਈ, ਜਿਸ ਦਾ ਰਾਜ ਦੇ ਸਿਹਤ ਮੰਤਰੀ ਵੱਲੋਂ ਨਿਰੀਖਣ ਵੀ ਕੀਤਾ ਗਿਆ।







