ਫੈਕਟ ਸਮਾਚਾਰ ਸੇਵਾ
ਸਰੀ , ਮਈ 29
ਕੈਨੇਡਾ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਮਰਪ੍ਰੀਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਵਿੱਚ ਸੀ। ਰਾਤ ਨੂੰ ਡਿਨਰ ਅਤੇ ਡਾਂਸ ਤੋਂ ਬਾਅਦ ਜਿਵੇਂ ਹੀ ਫਰੇਜ਼ਰਵਿਊ ਹਾਲ ਤੋਂ ਬਾਹਰ ਆਇਆ ਤਾਂ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਕਾਰਕੁਨਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਘਟਨਾ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਕਰੀਬ ਡੇਢ ਵਜੇ ਵਾਪਰੀ। ਅਮਰਪ੍ਰੀਤ ਆਪਣੇ ਭਰਾ ਰਵਿੰਦਰ ਨਾਲ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਹਮਲਾਵਰਾਂ ਨੇ ਉਸ ਵਾਹਨ ਨੂੰ ਵੀ ਅੱਗ ਲਗਾ ਦਿੱਤੀ ਜਿਸ ਵਿਚ ਉਹ ਸਬੂਤ ਨਸ਼ਟ ਕਰਨ ਆਇਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਇਸ ਤਰ੍ਹਾਂ ਸੁਣਾਈ ਦਿੱਤੀ ਜਿਵੇਂ ਮਸ਼ੀਨ ਗਨ ਤੋਂ ਗੋਲੀਬਾਰੀ ਕੀਤੀ ਗਈ ਹੋਵੇ।
ਅਮਰਪ੍ਰੀਤ ਸਿੰਘ ਸਮਰਾ ਉਰਫ ਚੱਕੀ ਸੰਯੁਕਤ ਰਾਸ਼ਟਰ (UN) ਦੀ ਟਾਪ-10 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸ ਦੇ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਵਿਚਕਾਰ ਕਾਰੋਬਾਰ ਨੂੰ ਲੈ ਕੇ ਦੁਸ਼ਮਣੀ ਸੀ। ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਹਮਲਾਵਰ ਪਹਿਲਾਂ ਹੀ ਵਿਆਹ ਸਮਾਗਮ ਵਾਲੀ ਥਾਂ ’ਤੇ ਘੁੰਮ ਰਹੇ ਸਨ। ਇਸ ਕਤਲ ਨੂੰ ਟਾਰਗੇਟ ਕਿਲਿੰਗ ਮੰਨਿਆ ਜਾ ਰਿਹਾ ਹੈ।







