ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ: ਲੰਬੇ ਇੰਤਜ਼ਾਰ ਤੋਂ ਬਾਅਦ DA ਵਿੱਚ 2 ਫੀਸਦੀ ਵਾਧੇ ਦਾ ਐਲਾਨ, ਜਾਣੋ ਕੀ ਹੋਵੇਗਾ ਤੁਹਾਡੀ ਤਨਖਾਹ ‘ਤੇ ਅਸਰ?
ਨਵੀਂ ਦਿੱਲੀ: 18 ਅਪ੍ਰੈਲ, 2026
ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਚੱਲ ਰਹੀਆਂ ਕਿਆਸਅਰਾਈਆਂ ‘ਤੇ ਵਿਰਾਮ ਲਗਾਉਂਦੇ ਹੋਏ, ਕੇਂਦਰੀ ਕੈਬਨਿਟ ਨੇ ਸ਼ਨੀਵਾਰ ਨੂੰ ਮਹਿੰਗਾਈ ਭੱਤੇ (DA) ਵਿੱਚ 2 ਫੀਸਦੀ ਦੇ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਵਾਧੇ ਤੋਂ ਬਾਅਦ ਹੁਣ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 60 ਫੀਸਦੀ ਹੋ ਗਿਆ ਹੈ। ਇਸ ਦੇ ਨਾਲ ਹੀ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (DR) ਵਿੱਚ ਵੀ 2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਐਲਾਨ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਕਰਮਚਾਰੀ ਕਾਫੀ ਸਮੇਂ ਤੋਂ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਇਹ ਵਾਧਾ ਜਨਵਰੀ 2026 ਤੋਂ ਲਾਗੂ ਮੰਨਿਆ ਜਾਵੇਗਾ, ਜਿਸਦਾ ਮਤਲਬ ਹੈ ਕਿ ਅਪ੍ਰੈਲ ਮਹੀਨੇ ਦੀ ਤਨਖਾਹ ਵਿੱਚ ਕਰਮਚਾਰੀਆਂ ਨੂੰ ਜਨਵਰੀ, ਫਰਵਰੀ ਅਤੇ ਮਾਰਚ ਮਹੀਨਿਆਂ ਦੇ ‘Arrears’ (ਬਕਾਏ) ਵੀ ਮਿਲਣਗੇ। ਆਮ ਤੌਰ ‘ਤੇ ਸਰਕਾਰ ਜਨਵਰੀ-ਜੂਨ ਵਾਲੇ ਡੀਏ ਦਾ ਐਲਾਨ ਹੋਲੀ ਦੇ ਆਸ-ਪਾਸ ਮਾਰਚ ਵਿੱਚ ਹੀ ਕਰ ਦਿੰਦੀ ਹੈ, ਪਰ ਇਸ ਵਾਰ ਇਹ ਪਹਿਲਾ ਮੌਕਾ ਹੈ ਜਦੋਂ ਪਿਛਲੇ 10 ਸਾਲਾਂ ਵਿੱਚ ਸਰਕਾਰ ਨੇ ਅਪ੍ਰੈਲ ਦੇ ਪਹਿਲੇ 15 ਦਿਨਾਂ ਤੋਂ ਬਾਅਦ ਡੀਏ ਦਾ ਐਲਾਨ ਕੀਤਾ ਹੈ, ਜਿਸ ਕਾਰਨ ਇਸ ਵਿੱਚ ਕਾਫੀ ‘Delay’ ਦੇਖਣ ਨੂੰ ਮਿਲੀ ਹੈ। ਅਕਤੂਬਰ 2025 ਵਿੱਚ ਡੀਏ 55 ਫੀਸਦੀ ਤੋਂ ਵਧਾ ਕੇ 58 ਫੀਸਦੀ ਕੀਤਾ ਗਿਆ ਸੀ, ਜੋ ਕਿ 1 ਜੁਲਾਈ 2025 ਤੋਂ ਲਾਗੂ ਹੋਇਆ ਸੀ।
ਇਸ ਸਮੇਂ ਕਰਮਚਾਰੀ ਸੰਗਠਨਾਂ ਦੀਆਂ ਨਜ਼ਰਾਂ 8ਵੇਂ ਤਨਖਾਹ ਕਮਿਸ਼ਨ (8th Pay Commission) ‘ਤੇ ਵੀ ਟਿਕੀਆਂ ਹੋਈਆਂ ਹਨ, ਜਿਸਦਾ ਗਠਨ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਕੀਤਾ ਸੀ। ਇਹ ਕਮਿਸ਼ਨ ਕਰਮਚਾਰੀਆਂ ਦੇ ‘Pay Structure’, ਭੱਤਿਆਂ ਅਤੇ ਪੈਨਸ਼ਨ ਨਾਲ ਸਬੰਧਤ ਸਿਫਾਰਸ਼ਾਂ ਸਰਕਾਰ ਨੂੰ ਸੌਂਪੇਗਾ। ਉਮੀਦ ਹੈ ਕਿ ਇਹ ਕਮਿਸ਼ਨ ਆਪਣੀ ਰਿਪੋਰਟ 18 ਮਹੀਨਿਆਂ ਦੇ ਅੰਦਰ ਤਿਆਰ ਕਰੇਗਾ ਅਤੇ ਮਈ 2027 ਤੱਕ ਸਰਕਾਰ ਨੂੰ ਸੌਂਪ ਦੇਵੇਗਾ, ਜਿਸ ਤੋਂ ਬਾਅਦ ਤਨਖਾਹਾਂ ਵਿੱਚ ਹੋਰ ਵੱਡੇ ਬਦਲਾਅ ਦੀ ਸੰਭਾਵਨਾ ਹੈ।







