ਕੁਰੂਕਸ਼ੇਤਰ : ਸੁੱਤੇ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਲਬੇ ਹੇਠ ਦੱਬ ਕੇ ਲੜਕੀ ਦੀ ਮੌਤ

ਫੈਕਟ ਸਮਾਚਾਰ ਸੇਵਾ

ਕੁਰੂਕਸ਼ੇਤਰ ,ਅਗਸਤ 18

ਕੁਰੂਕਸ਼ੇਤਰ ਦੇ ਦਰਰਾ ਖੇੜਾ ਇਲਾਕੇ ‘ਚ ਅੱਜ ਤੜਕੇ 4 ਵਜੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਘਰ ਦੀ ਛੱਤ ਸੁੱਤੇ ਪਏ ਪਰਿਵਾਰ ‘ਤੇ ਡਿੱਗ ਗਈ। ਮਲਬੇ ਹੇਠ ਦੱਬ ਕੇ ਸੱਤ ਸਾਲਾ ਬੱਚੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਪੰਜ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਮਾਤਾ-ਪਿਤਾ ਅਤੇ ਤਿੰਨ ਬੱਚੇ ਸ਼ਾਮਲ ਹਨ।

ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰ ਰਿਹਾ ਪਵਨ ਕੁਮਾਰ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਦੀ ਰਾਤ ਵੀ ਆਪਣੇ ਪਰਿਵਾਰ ਨਾਲ ਕਮਰੇ ਵਿੱਚ ਸੌਂ ਰਿਹਾ ਸੀ। ਸਵੇਰੇ 4 ਵਜੇ ਦੇ ਕਰੀਬ ਅਚਾਨਕ ਘਰ ਦੀ ਛੱਤ ਡਿੱਗ ਗਈ ਅਤੇ ਸਾਰੇ ਮਲਬੇ ਹੇਠਾਂ ਦੱਬ ਗਏ। ਜਦੋਂ ਛੱਤ ਡਿੱਗਣ ਕਾਰਨ ਧਮਾਕੇ ਵਰਗੀ ਆਵਾਜ਼ ਆਈ ਤਾਂ ਆਸ-ਪਾਸ ਦੇ ਲੋਕ ਨੀਂਦ ਤੋਂ ਜਾਗ ਕੇ ਇਸ ਘਰ ਵੱਲ ਭੱਜੇ।

ਛੱਤ ਡਿੱਗਦੀ ਦੇਖ ਉਨ੍ਹਾਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਕਾਫੀ ਮੁਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਐਲ.ਐਨ.ਜੇ.ਪੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ 7 ਸਾਲਾ ਤਨਿਸ਼ਕਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਪਵਨ ਕੁਮਾਰ ਤੋਂ ਇਲਾਵਾ ਉਸ ਦੀ ਪਤਨੀ ਰਾਣੀ ਦੇਵੀ, ਦੋ ਸਾਲਾ ਪੁੱਤਰ ਧਰੁਵ, 11 ਸਾਲਾ ਸਾਨੀਆ ਅਤੇ 12 ਸਾਲਾ ਚਾਹਤ ਨੂੰ ਇਲਾਜ ਅਧੀਨ ਰੱਖਿਆ ਗਿਆ।

ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲੀਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਛੱਤ ਕਿਵੇਂ ਡਿੱਗੀ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English