ਫੈਕਟ ਸਮਾਚਾਰ ਸੇਵਾ
ਇਸਲਾਮਾਬਾਦ , ਮਾਰਚ 18
ਇਮਰਾਨ ਖਾਨ ਦਾ ਕਾਫਲਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਾਫਲਾ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ। ਕਾਫਲੇ ਦੀ ਟੱਕਰ ਤੋਂ ਬਾਅਦ ਇੱਕ ਵਾਹਨ ਪਲਟ ਗਿਆ ਅਤੇ ਇਸ ਘਟਨਾ ਵਿੱਚ 3 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦਰਅਸਲ ਇਮਰਾਨ ਤੋਸ਼ਾਖਾਨਾ ਮਾਮਲੇ ‘ਚ ਅੱਜ ਇਸਲਾਮਾਬਾਦ ਦੀ ਅਦਾਲਤ ‘ਚ ਪੇਸ਼ ਹੋਣਗੇ। ਸਾਬਕਾ ਪੀਐਮ ਦੀ ਪੇਸ਼ੀ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਹਾਦਸੇ ਤੋਂ ਬਾਅਦ ਇਮਰਾਨ ਖਾਨ ਨੇ ਸ਼ਾਹਬਾਜ਼ ਸਰਕਾਰ ‘ਤੇ ਹਮਲਾ ਬੋਲਿਆ। ਇਮਰਾਨ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਪੀਡੀਐਮ ਸਰਕਾਰ ਮੈਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਬੁਰੇ ਇਰਾਦਿਆਂ ਨੂੰ ਜਾਣਨ ਦੇ ਬਾਵਜੂਦ ਮੈਂ ਇਸਲਾਮਾਬਾਦ ਅਤੇ ਅਦਾਲਤ ਜਾ ਰਿਹਾ ਹਾਂ ਕਿਉਂਕਿ ਮੈਂ ਕਾਨੂੰਨ ਦੇ ਸ਼ਾਸਨ ਵਿੱਚ ਵਿਸ਼ਵਾਸ ਰੱਖਦਾ ਹਾਂ।
ਇਮਰਾਨ ਖਾਨ ਦੀ ਪੇਸ਼ੀ ਕਾਰਨ ਇਸਲਾਮਾਬਾਦ ‘ਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸਲਾਮਾਬਾਦ ਵਿੱਚ ਹੋਰ ਸ਼ਹਿਰਾਂ ਦੇ 1000 ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਇਸ ਕਾਰਨ ਕਈ ਸ਼ਹਿਰਾਂ ਵਿੱਚ ਧਾਰਾ-144 ਵੀ ਲਾਗੂ ਕਰ ਦਿੱਤੀ ਗਈ ਹੈ, ਜਦਕਿ ਪੁਲੀਸ ਨੇ ਨਿਆਂਇਕ ਕੰਪਲੈਕਸ ਦੇ ਨੇੜੇ ਆਮ ਲੋਕਾਂ ਦੀ ਨੋ ਐਂਟਰੀ ਵੀ ਕੀਤੀ ਹੈ।







