ਫੈਕਟ ਸਮਾਚਾਰ ਸੇਵਾ
ਸਿਡਨੀ , ਮਈ 25
ਆਸਟ੍ਰੇਲੀਆ ਦੇ ਸਿਡਨੀ ‘ਚ ਇਕ ਇਮਾਰਤ ‘ਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਅੱਗ ਇੰਨੀ ਭਿਆਨਕ ਹੈ ਕਿ ਇਸ ਨਾਲ 7 ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸਦੇ ਨਾਲ ਹੀ ਅੱਗ ਆਲੇ-ਦੁਆਲੇ ਦੀਆਂ ਇਮਾਰਤਾਂ ਤੱਕ ਫੈਲਣ ਦਾ ਖਦਸ਼ਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਪ੍ਰਸ਼ਾਸਨ ਨੇ ਆਸ-ਪਾਸ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਹੈ ਅਤੇ ਸੜਕਾਂ ‘ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਡੀ ਗਿਣਤੀ ‘ਚ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਹ ਘਟਨਾ ਸਿਡਨੀ ਦੇ ਰੈਂਡਲ ਸਟਰੀਟ, ਸਰੇ ਹਿਲਸ ਖੇਤਰ ਦੀ ਹੈ। ਜਿਸ ਇਮਾਰਤ ਵਿੱਚ ਅੱਗ ਲੱਗੀ, ਉਹ ਸਿਡਨੀ ਦੇ ਸੈਂਟਰਲ ਸਟੇਸ਼ਨ ਦੇ ਕੋਲ ਹੈ। ਅੱਗ ਕਾਰਨ ਇਮਾਰਤ ਦੇ ਸੜਦੇ ਹਿੱਸੇ ਸੜਕ ‘ਤੇ ਡਿੱਗ ਰਹੇ ਸਨ। ਇਸ ਕਾਰਨ ਰੈਂਡਲ ਸਟਰੀਟ ‘ਤੇ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਇਮਾਰਤ ‘ਚ ਅੱਗ ਲੱਗੀ ਉਸ ਦੇ ਆਲੇ-ਦੁਆਲੇ ਕਈ ਰਿਹਾਇਸ਼ੀ ਇਮਾਰਤਾਂ ਹਨ। ਜਾਣਕਾਰੀ ਮੁਤਾਬਕ ਅੱਗ ਹੋਰ ਇਮਾਰਤਾਂ ਤੱਕ ਵੀ ਫੈਲਣ ਦਾ ਖਦਸ਼ਾ ਹੈ। ਮੌਕੇ ‘ਤੇ 100 ਤੋਂ ਵੱਧ ਫਾਇਰ ਫਾਈਟਰਜ਼ ਅਤੇ 20 ਫਾਇਰ ਇੰਜਣ ਮੌਜੂਦ ਹਨ।







