ਫੈਕਟ ਸਮਾਚਾਰ ਸੇਵਾ
ਲੁਧਿਆਣਾ , ਸਤੰਬਰ 29
ਆਮਦਨ ਕਰ ਵਿਭਾਗ ਦੇ ਪੜਤਾਲੀਆ ਵਿੰਗ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼ੋ੍ਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਤੇ ਕਲੋਨਾਈਜ਼ਰ ਵਿਪਨ ਸੂਦ ਕਾਕਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਕਾਕਾ ਸੂਦ ਦੀ ਸਿਹਤ ਵਿਗੜ ਗਈ। ਉਨ੍ਹਾਂ ਵੱਲੋਂ ਘਬਰਾਹਟ ਹੋਣ ਦੀ ਗੱਲ ਆਖੀ ਗਈ ਤਾਂ ਪੈਰਾਮਿਲਟਰੀ ਫੋਰਸ ਦੀ ਹਾਜ਼ਰੀ ‘ਚ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੇ ਅਧਿਕਾਰੀ ਜਦੋਂ ਕਾਕਾ ਦੇ ਟਿਕਾਣਿਆਂ ਤੋਂ ਬਰਾਮਦ ਕੀਤੇ ਸਾਮਾਨ ਦੀ ਸੂਚੀ ਤਿਆਰ ਕਰ ਕੇ ਦਸਤਖ਼ਤ ਕਰਵਾਉਣ ਵਾਲੇ ਸਨ ਤਾਂ ਅਚਾਨਕ ਕਾਕਾ ਦੀ ਸਿਹਤ ਨਾਸਾਜ਼ ਹੋ ਗਈ। ਉਨ੍ਹਾਂ ਦੀ ਸਿਹਤ ਸਹੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।







