ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੇ ਵਰਜੀਨੀਆ ‘ਚ ਇਕ ਪ੍ਰਾਇਮਰੀ ਸਕੂਲ ‘ਚ ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ‘ਚ ਇਕ ਅਧਿਆਪਕ ਜ਼ਖਮੀ ਹੋ ਗਿਆ। ਕਾਹਲੀ ਵਿੱਚ ਉਸ ਅਧਿਆਪਕ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ‘ਚ ਅਜੇ ਤੱਕ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵਰਜੀਨੀਆ ਦੇ ਨਿਊਪੋਰਟ ਨਿਊਜ਼ ਸ਼ਹਿਰ ਦੇ ਐਲੀਮੈਂਟਰੀ ਸਕੂਲ ‘ਚ ਵਾਪਰੀ। ਇਸ ਗੋਲੀਬਾਰੀ ਵਿੱਚ ਕੋਈ ਵਿਦਿਆਰਥੀ ਜ਼ਖ਼ਮੀ ਨਹੀਂ ਹੋਇਆ।
ਵਰਜੀਨੀਆ ਦੇ ਮੇਅਰ ਫਿਲਿਪ ਜੋਨਸ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਵਿਦਿਆਰਥੀ ਦੀ ਉਮਰ ਕਿੰਨੀ ਹੈ ਪਰ ਮੀਡੀਆ ਰਿਪੋਰਟਾਂ ਵਿੱਚ ਉਸ ਵਿਦਿਆਰਥੀ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ। ਨਿਊਪੋਰਟ ਪੁਲਿਸ ਚੀਫ਼ ਸਟੀਵ ਡਰਿਊ ਦਾ ਕਹਿਣਾ ਹੈ ਕਿ ਸਾਨੂੰ ਗੋਲੀਬਾਰੀ ਦੇ ਸਬੰਧ ‘ਚ ਦੁਪਹਿਰ 2 ਵਜੇ ਦੇ ਕਰੀਬ ਕਾਲ ‘ਤੇ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਸਾਡੀ ਟੀਮ ਮੌਕੇ ‘ਤੇ ਪਹੁੰਚ ਗਈ।
ਪੁਲਿਸ ਅਜੇ ਤੱਕ ਸ਼ੱਕੀ ਬਾਰੇ ਜਾਣਕਾਰੀ ਨਹੀਂ ਦੇ ਰਹੀ ਹੈ
ਪੁਲਿਸ ਨੇ ਦੱਸਿਆ ਕਿ ਸਕੂਲ ਅਤੇ ਪੁਲਿਸ ਅਧਿਕਾਰੀ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਮਿਲਾਉਣ ਲਈ ਕੰਮ ਕਰ ਰਹੇ ਹਨ ਅਤੇ ਅਗਲੇਰੀ ਜਾਂਚ ਤੋਂ ਬਾਅਦ ਹੋਰ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਪੁਲਿਸ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੀ ਹੈ। ਨਿਊਪੋਰਟ ਨਿਊਜ਼ ਦੇ ਸ਼ਹਿਰ, ਜਿੱਥੇ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਦੀ ਆਬਾਦੀ 1 ਲੱਖ 85 ਹਜ਼ਾਰ ਤੋਂ ਵੱਧ ਹੈ। ਇਹ ਸ਼ਹਿਰ ਚੈਸਪੀਕ ਅਤੇ ਵਰਜੀਨੀਆ ਬੀਚ ਤੋਂ ਲਗਭਗ 40 ਮੀਲ ਦੂਰ ਹੈ। ਇਹ ਸ਼ਹਿਰ ਅਮਰੀਕੀ ਜਲ ਸੈਨਾ ਲਈ ਜਹਾਜ਼ ਬਣਾਉਣ ਲਈ ਵੀ ਜਾਣਿਆ ਜਾਂਦਾ ਹੈ।







