ਹੈਦਰਾਬਾਦ ਵਿਖੇ ਆਰ.ਟੀ.ਆਈ. ‘ਤੇ ਕੌਮੀ ਕਾਨਫਰੰਸ ਦੌਰਾਨ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਪੰਜਾਬ ਦੀ ਨੁਮਾਇੰਦਗੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਸਤੰਬਰ 14

ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਹੈਦਰਾਬਾਦ ਵਿਖੇ “ਆਰ.ਟੀ.ਆਈ.: ਲਾਗੂਕਰਨ ਵਿੱਚ ਸੰਚਾਲਨ ਇਕਸਾਰਤਾ – ਚੁਣੌਤੀਆਂ ਅਤੇ ਹੱਲ, ਜੋ ਕਿ ਜਨਤਕ ਪ੍ਰਸ਼ਾਸਨ ਵਿੱਚ ਜਮਹੂਰੀਅਤ, ਪਾਰਦਰਸ਼ਤਾ ਤੇ ਜਵਾਬਦੇਹੀ ਦੇ ਸਬੰਧ ਵਿੱਚ ਵਧੇਰੇ ਮਹੱਤਵਪੂਰਨ ਵਿਸ਼ਾ ਹੈ, ‘ਤੇ ਆਯੋਜਿਤ ਸੂਚਨਾ ਕਮਿਸ਼ਨਾਂ ਦੀ ਕੌਮੀ ਕਾਨਫਰੰਸ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਤਰਫ਼ੋਂ ਹਿੱਸਾ ਲਿਆ। ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਨੂੰ ਇਸ ਕੌਮੀ ਕਾਨਫਰੰਸ ਵਿੱਚ ਇੱਕ ਬੁਲਾਰੇ ਵਜੋਂ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿੱਥੇ ਉਨ੍ਹਾਂ ਨੇ ਡਿਜੀਟਲ ਨਿੱਜੀ ਡੇਟਾ ਸੁਰੱਖਿਆ ਐਕਟ ਅਤੇ ਸੂਚਨਾ ਦਾ ਅਧਿਕਾਰ ਕਾਨੂੰਨ ਨਾਲ ਇਸ ਦੇ ਵਿਕਸਤ ਹੋ ਰਹੇ ਆਪਸੀ ਸਬੰਧਾਂ ਦੇ ਵਿਸ਼ੇ ‘ਤੇ ਆਪਣਾ ਮੁੱਖ ਭਾਸ਼ਣ ਦਿੱਤਾ। ਭਾਰਤ ਦੇ ਮੁੱਖ ਸੂਚਨਾ ਕਮਿਸ਼ਨਰ ਆਰ.ਕੇ. ਗੋਇਲ, ਆਈ.ਏ.ਐਸ. (ਸੇਵਾਮੁਕਤ), ਅਤੇ ਦੇਸ਼ ਦੇ 25 ਰਾਜਾਂ ਦੇ ਮੁੱਖ ਸੂਚਨਾ ਕਮਿਸ਼ਨਰਾਂ ਅਤੇ ਸੂਚਨਾ ਕਮਿਸ਼ਨਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਸੂਚਨਾ ਕਮਿਸ਼ਨਰ ਪੰਜਾਬ ਨੇ ਵਡੇਰੇ ਜਨਤਕ ਹਿੱਤ ਵਿੱਚ ਉੱਭਰ ਰਹੀਆਂ ਚੁਣੌਤੀਆਂ ਅਤੇ ਨਾਗਰਿਕਾਂ ਦੇ ਸੂਚਨਾ ਦਾ ਮੌਲਿਕ ਅਧਿਕਾਰ ਅਤੇ ਨਿੱਜੀ ਡੇਟਾ ਸੁਰੱਖਿਆ ਦਰਮਿਆਨ ਢੁਕਵਾਂ ਸੰਤੁਲਨ ਬਣਾਈ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਕੌਮੀ ਕਾਨਫਰੰਸ ਨੇ ਦੇਸ਼ ਭਰ ਦੇ ਸੂਚਨਾ ਕਮਿਸ਼ਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਮੰਚ ‘ਤੇ ਲਿਆਂਦਾ, ਜਿਸ ਨਾਲ ਸੂਚਨਾ ਦਾ ਅਧਿਕਾਰ ਕਾਨੂੰਨ ਦੇ ਪ੍ਰਭਾਵਸ਼ਾਲੀ, ਇਕਸਾਰ ਅਤੇ ਨਾਗਰਿਕ-ਕੇਂਦਰਿਤ ਲਾਗੂਕਰਨ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਕੌਮੀ ਪਲੇਟਫਾਰਮ ਮਿਲਿਆ। ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਅਸਾਮ, ਬਿਹਾਰ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ, ਗੋਆ, ਗੁਜਰਾਤ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਹਰਿਆਣਾ, ਉੜੀਸਾ, ਦਿੱਲੀ, ਪੰਜਾਬ, ਚੇਨਈ, ਕੇਰਲ, ਮਿਜ਼ੋਰਮ, ਤਾਮਿਲਨਾਡੂ ਅਤੇ ਛੱਤੀਸਗੜ੍ਹ ਸਮੇਤ ਹੋਰ ਕਈ ਰਾਜਾਂ ਦੇ ਸੂਚਨਾ ਕਮਿਸ਼ਨਾਂ ਨੇ ਹਿੱਸਾ ਲਿਆ।

ਭਾਰਤ ਦੇ ਮੁੱਖ ਸੂਚਨਾ ਕਮਿਸ਼ਨਰ ਆਰ. ਕੇ. ਗੋਇਲ, ਆਈ.ਏ.ਐਸ. (ਸੇਵਾਮੁਕਤ) ਨੇ ਨਿੱਜੀ ਡੇਟਾ ਸੁਰੱਖਿਆ ਅਤੇ ਆਰ.ਟੀ.ਆਈ. ਢਾਂਚੇ ਨਾਲ ਇਸ ਦੇ ਸਬੰਧਾਂ ਬਾਰੇ ਹਰਪ੍ਰੀਤ ਸੰਧੂ ਦੇ ਸੰਬੋਧਨ ਦੀ ਮਹੱਤਤਾ ਨੂੰ ਵਿਕਸਤ ਹੋ ਰਹੇ ਡਿਜੀਟਲ ਗਵਰਨੈਂਸ ਈਕੋਸਿਸਟਮ ਵਿਚ ਪਾਰਦਰਸ਼ਤਾ, ਜਵਾਬਦੇਹੀ ਅਤੇ ਆਰ.ਟੀ.ਆਈ. ਐਕਟ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਉਤਸ਼ਾਹਿਤ ਕਰਨ ਦੇ ਸੰਦਰਭ ਵਿੱਚ ਵਿਸ਼ੇਸ਼ ਤੌਰ ‘ਤੇ ਸਵੀਕਾਰਿਆ।

ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਨੇ ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ਼ ਇੰਡੀਆ, ਹੈਦਰਾਬਾਦ ਵਿਖੇ ਹੋਈ ਨੈਸ਼ਨਲ ਫੈਡਰੇਸ਼ਨ ਆਫ਼ ਇਨਫਰਮੇਸ਼ਨ ਕਮਿਸ਼ਨਜ਼ ਇਨ ਇੰਡੀਆ (ਐਨਐਫਆਈਸੀਆਈ) ਦੇ ਬੋਰਡ ਆਫ਼ ਗਵਰਨਰਜ਼ ਦੀ 34ਵੀਂ ਮੀਟਿੰਗ ਵਿੱਚ ਵੀ ਪੰਜਾਬ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਦੀ ਸ਼ਮੂਲੀਅਤ ਨੇ ਕੌਮੀ ਪੱਧਰ ‘ਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਨੁਮਾਇੰਦਗੀ ਨੂੰ ਬਾਖੂਬੀ ਢੰਗ ਨਾਲ ਦਰਸਾਇਆ, ਜਿਸਨੇ ਭਾਰਤ ਵਿੱਚ ਸੂਚਨਾ ਦਾ ਅਧਿਕਾਰ ਪ੍ਰਣਾਲੀ ਨੂੰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਬੰਧੀ ਵਿਚਾਰ-ਵਟਾਂਦਰੇ ਵਿੱਚ ਪੰਜਾਬ ਦੇ ਯੋਗਦਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਨੇ ਹੈਦਰਾਬਾਦ ਵਿਖੇ ਕੌਮੀ ਕਾਨਫਰੰਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇਲੰਗਾਨਾ ਦੇ ਮਾਣਯੋਗ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਦੀ ਹਾਜ਼ਰੀ ਵਿੱਚ ਭਾਰਤ ਦੇ ਕੇਂਦਰੀ ਮੁੱਖ ਸੂਚਨਾ ਕਮਿਸ਼ਨਰ ਆਰ.ਕੇ. ਗੋਇਲ, ਆਈ.ਏ.ਐਸ. (ਸੇਵਾਮੁਕਤ), ਅਤੇ ਤੇਲੰਗਾਨਾ ਦੇ ਮੁੱਖ ਸੂਚਨਾ ਕਮਿਸ਼ਨਰ ਡਾ. ਜੀ. ਚੰਦਰਸ਼ੇਖਰ ਰੈੱਡੀ, ਆਈ.ਐਫ.ਐਸ. (ਸੇਵਾਮੁਕਤ) ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਤਰਫ਼ੋਂ ਅਧਿਕਾਰਤ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਕੌਮੀ ਕਾਨਫਰੰਸ ਅਤੇ ਐਨ.ਐਫ.ਆਈ.ਸੀ.ਆਈ. ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਵਿੱਚ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੀ ਸ਼ਮੂਲੀਅਤ ਨੇ ਦੇਸ਼ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸੂਚਨਾ ਦੇ ਅਧਿਕਾਰ ਢਾਂਚੇ ਦੇ ਪ੍ਰਭਾਵਸ਼ਾਲੀ ਕੰਮਕਾਜ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦ੍ਰਿਸ਼ਟੀਕੋਣਾਂ, ਤਜ਼ਰਬਿਆਂ ਅਤੇ ਸੰਸਥਾਗਤ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।
ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ਼ ਇੰਡੀਆ, ਹੈਦਰਾਬਾਦ ਦੇ ਡਾਇਰੈਕਟਰ ਜਨਰਲ ਡਾ. ਐਨ. ਰਮੇਸ਼ ਕੁਮਾਰ, ਆਈ.ਏ.ਐਸ. (ਸੇਵਾਮੁਕਤ) ਨੇ 12 ਸਤੰਬਰ 2026 ਨੂੰ ਹੈਦਰਾਬਾਦ ਵਿਖੇ ਆਯੋਜਿਤ ਆਰ.ਟੀ.ਆਈ. ਸਬੰਧੀ ਕੌਮੀ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਤੇਲੰਗਾਨਾ ਰਾਜ ਸੂਚਨਾ ਕਮਿਸ਼ਨ ਦੀ ਤਰਫ਼ੋਂ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਨੂੰ ਸਨਮਾਨਿਤ ਵੀ ਕੀਤਾ।

Leave a Reply

Your email address will not be published. Required fields are marked *

View in English