30 ਅਗਸਤ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਂਗਲੁਰੂ ਸਥਿਤ ਆਰਟ ਆਫ਼ ਲਿਵਿੰਗ ਆਸ਼ਰਮ ਵਿਖੇ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਉੱਚ ਪੱਧਰੀ ਮੁਲਾਕਾਤ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਮੁੱਖ ਮੰਤਰੀ ਨੇ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਸਮਾਜ ਭਲਾਈ, ਸਿੱਖਿਆ, ਮਾਨਸਿਕ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਹੋਈ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਪੰਜਾਬ ਨਾਲ 1980 ਦੇ ਦਹਾਕੇ ਤੋਂ ਹੀ ਡੂੰਘਾ ਸਬੰਧ ਰਿਹਾ ਹੈ। ਪੰਜਾਬ ਸਰਕਾਰ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਕਰਵਾਏ ਗਏ ਸਰਬ ਧਰਮ ਸੰਮੇਲਨ ਦੇ ਸੱਦੇ ‘ਤੇ ਉਹ ਨਵੰਬਰ 2025 ਵਿੱਚ ਪੰਜਾਬ ਆਏ ਸਨ। ਆਪਣੇ ਉਸ ਦੌਰੇ ਦੌਰਾਨ ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੰਤ ਸੰਮੇਲਨ ਵਿੱਚ ਹਿੱਸਾ ਲਿਆ ਸੀ ਅਤੇ ਲੁਧਿਆਣਾ, ਬਠਿੰਡਾ ਤੇ ਜਲੰਧਰ ਵਿੱਚ ਸਤਿਸੰਗ ਅਤੇ ਧਿਆਨ ਸੈਸ਼ਨਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਅਤੇ ਸਮਾਜਿਕ ਸ਼ਾਂਤੀ ਦਾ ਸੁਨੇਹਾ ਦਿੱਤਾ ਸੀ।
ਇਸ ਵੇਲੇ ਪੰਜਾਬ ਦੇ 45 ਤੋਂ ਵੱਧ ਵੱਡੇ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਆਰਟ ਆਫ਼ ਲਿਵਿੰਗ ਦੇ ਕੇਂਦਰ ਸਰਗਰਮ ਹਨ। ਇਸ ਤੋਂ ਇਲਾਵਾ ਮੋਹਾਲੀ ਵਿੱਚ ਸੰਸਥਾ ਦਾ ਲਗਭਗ 20 ਏਕੜ ਵਿੱਚ ਫੈਲਿਆ ‘ਦ ਵੈਲਨੈਸ ਸਿਟੀ’ ਕੈਂਪਸ ਵੀ ਮੌਜੂਦ ਹੈ, ਜਿੱਥੇ ਆਯੁਰਵੈਦਿਕ ਹਸਪਤਾਲ ਅਤੇ ਧਿਆਨ ਕੇਂਦਰ ਦੀਆਂ ਵਿਸ਼ੇਸ਼ ਸਹੂਲਤਾਂ ਉਪਲਬਧ ਹਨ।







