ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਮਲੇਰੀਆ ਦੀ ਦਵਾਈ ਖਾਂਦੇ ਹੀ 50 ਤੋਂ ਵੱਧ ਲੋਕ ਬਿਮਾਰ

ਫੈਕਟ ਸਮਾਚਾਰ ਸੇਵਾ

ਅਮਰਾਵਤੀ , ਸਤੰਬਰ 2

ਆਂਧਰਾ ਪ੍ਰਦੇਸ਼ ਦੇ ਪਲਾਵਾਰਮ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਲੇਰੀਆ ਤੋਂ ਬਚਾਅ ਲਈ ਵੰਡੀਆਂ ਗਈਆਂ ਕਲੋਰੋਕੁਇਨ ਦੀਆਂ ਗੋਲੀਆਂ ਖਾਣ ਤੋਂ ਬਾਅਦ 7 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ, ਜਦਕਿ 52 ਹੋਰ ਲੋਕ ਬਿਮਾਰ ਪੈ ਗਏ ਹਨ। ਇਨ੍ਹਾਂ ਦਾ ਇਲਾਜ ਹਸਪਤਾਲਾਂ ਅਤੇ ਸਥਾਨਕ ਸਿਹਤ ਕੇਂਦਰਾਂ ਵਿੱਚ ਚੱਲ ਰਿਹਾ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।

ਅਧਿਕਾਰੀਆਂ ਮੁਤਾਬਕ ਤੇਲੰਗਾਨਾ ਦੀ ਅੰਤਰਰਾਜੀ ਸਰਹੱਦ ਨਾਲ ਲੱਗਦੇ ਪਲਾਵਾਰਮ ਜ਼ਿਲ੍ਹੇ ਦੇ ਗੋਲਾਗੁੱਪਾ ਪਿੰਡ ਵਿੱਚ ਮਲੇਰੀਆ ਤੋਂ ਬਚਾਅ ਲਈ 71 ਲੋਕਾਂ ਨੂੰ ਐਂਟੀ-ਮਲੇਰੀਆ ਦਵਾਈਆਂ ਦਿੱਤੀਆਂ ਗਈਆਂ ਸਨ। ਮਿਲੀ ਜਾਣਕਾਰੀ ਅਨੁਸਾਰ ਦਵਾਈ ਖਾਣ ਤੋਂ ਕੁਝ ਹੀ ਸਮੇਂ ਬਾਅਦ ਕਈ ਲੋਕਾਂ ਦੀ ਸਿਹਤ ਵਿਗੜਨ ਲੱਗੀ। ਹਾਲਾਤ ਗੰਭੀਰ ਹੁੰਦੇ ਦੇਖ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ। 29 ਮਰੀਜ਼ਾਂ ਨੂੰ ਤੇਲੰਗਾਨਾ ਦੇ ਇੱਕ ਹਸਪਤਾਲ ਵਿੱਚ, ਜਦਕਿ 24 ਮਰੀਜ਼ਾਂ ਨੂੰ ਨੇੜਲੇ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ।

ਇਸ ਹਾਦਸੇ ਵਿੱਚ ਦੂਜੀ ਜਮਾਤ ਵਿੱਚ ਪੜ੍ਹਨ ਵਾਲੀ 7 ਸਾਲਾ ਬੱਚੀ ਮਾਡਿਵੀ ਜਮੁਨਾ ਦੀ ਇਲਾਜ ਦੌਰਾਨ ਮੌਤ ਹੋ ਗਈ। ਡਾਕਟਰਾਂ ਮੁਤਾਬਕ ਬਾਕੀ ਮਰੀਜ਼ਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਤੋਂ ਪੂਰੀ ਰਿਪੋਰਟ ਮੰਗੀ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਪੀੜਤਾਂ ਨੂੰ ਵਧੀਆ ਤੋਂ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜ਼ਿਲ੍ਹਾ ਕਲੈਕਟਰ ਦਿਨੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਕਿਉਂਕਿ ਸਥਿਤੀ ਕਾਬੂ ਹੇਠ ਹੈ। ਮਰੀਜ਼ਾਂ ਦੀ ਦੇਖਭਾਲ ਲਈ ਪ੍ਰਸ਼ਾਸਨ ਵੱਲੋਂ ਤੁਰੰਤ ਕਦਮ ਚੁੱਕੇ ਗਏ ਹਨ।

Leave a Reply

Your email address will not be published. Required fields are marked *

View in English