ਸ਼੍ਰੀ ਹਰਿਮੰਦਰ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਪਰਫਿਊਮ ਛਿੜਕਣ ’ਤੇ ਲੱਗੀ ਪਾਬੰਦੀ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਅਕਤੂਬਰ 9

ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਪਰਫਿਊਮ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਐੱਸਜੀਪੀਸੀ ਨੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ’ਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪਰਫਿਊਮ ਦੀ ਵਰਤੋ ’ਤੇ ਰੋਕ ਲਾ ਦਿੱਤੀ ਹੈ। ਹੁਣ ਸ਼ਰਧਾਲੂ ਸ੍ਰੀ ਅਕਾਲ ਤਖ਼ਤ ਸਾਹਿਬ ਸਥਿਤ ਸੁੱਖ ਆਸਨ ਤੋਂ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਆਗਮਨ ਵੇਲੇ ਅਤੇ ਰਾਤੀਂ ਸੁੱਖ ਆਸਨ ਤੱਕ ਲਿਜਾਣ ਵੇਲੇ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ’ਚ ਪਾਲਕੀ ਸਾਹਿਬ ਦੇ ਆਗਮਨ ’ਤੇ ਸ਼ਰਧਾਲੂਆਂ ਦੀ ਮੌਜੂਦਗੀ ’ਚ ਪਰਫਿਊਮ ਛਿੜਕਦੇ ਸਨ।

ਅਸਲ ’ਚ ਪਰਫਿਊਮ ’ਚ ਹਾਨੀਕਾਰਕ ਕੈਮੀਕਲ ਤੇ ਅਲਕੋਹਲ ਦਾ ਮਿਸ਼ਰਣ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਤਹਿਤ ਅਲਕੋਹਲ ਸਮੇਤ ਹਰ ਤਰ੍ਹਾਂ ਦੇ ਨਸ਼ੇ ’ਤੇ ਪੂਰੀ ਤਰ੍ਹਾਂ ਰੋਕ ਹੈ। ਹਰੇਕ ਅੰਮ੍ਰਿਤਧਾਰੀ ਲਈ ਇਸ ਦੀ ਵਰਤੋਂ ’ਤੇ ਪੂਰਨ ਪਾਬੰਦੀ ਹੈ। ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਸਬੰਧੀ ਸਾਰੇ ਗੁਰਦੁਆਰਿਆਂ ਦੇ ਨੈਨੇਜ਼ਰਾਂ ਨੂੰ ਸਰਕੂਲਰ ਜਾਰੀ ਕਰਦਿਆਂ ਇਸ ’ਤੇ ਪੂਰੀ ਤਰ੍ਹਾਂ ਰੋਕ ਲਾਉਂਦਿਆਂ ਪ੍ਰਬੰਧਕਾਂ ਨੂੰ ਇਸ ਦਾ ਕੋਈ ਬਦਲ ਵਰਤਣ ਦੀ ਹਿਦਾਇਤ ਦਿੱਤੀ ਹੈ।

Leave a Reply

Your email address will not be published. Required fields are marked *

View in English