150 ਮੈਂਬਰਾਂ ਵਾਲੇ ਵਟਸਐਪ ਗਰੁੱਪ ‘ਚ ਜੋੜ ਕੇ ਜਾਅਲੀ ਐਪ ਰਾਹੀਂ ਦਿਖਾਇਆ 2.61 ਕਰੋੜ ਰੁਪਏ ਦਾ ਮੁਨਾਫ਼ਾ; ਸਾਈਬਰ ਕ੍ਰਾਈਮ ਪੁਲਿਸ ਵੱਲੋਂ ਮਾਮਲਾ ਦਰਜ
ਮੋਹਾਲੀ, 23 ਨਵੰਬਰ, 2026: ਸਾਈਬਰ ਠੱਗਾਂ ਨੇ ਨਿਊ ਚੰਡੀਗੜ੍ਹ ਦੇ ਰਹਿਣ ਵਾਲੇ ਭਾਰਤੀ ਫ਼ੌਜ ਦੇ ਇੱਕ ਸੇਵਾਮੁਕਤ ਲੈਫਟੀਨੈਂਟ ਕਰਨਲ ਨੂੰ ਸਟਾਕ ਮਾਰਕੀਟ ਵਿੱਚ ਥੋੜ੍ਹੇ ਸਮੇਂ ਦੇ ਨਿਵੇਸ਼ ‘ਤੇ ਮੋਟੇ ਮੁਨਾਫ਼ੇ ਦਾ ਝਾਂਸਾ ਦੇ ਕੇ 70,19,608 ਰੁਪਏ ਦਾ ਚੂਨਾ ਲਗਾ ਦਿੱਤਾ। ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਮੋਹਾਲੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੇਸਬੁੱਕ ਇਸ਼ਤਿਹਾਰ ਰਾਹੀਂ ਜਾਲ ਵਿੱਚ ਫਸਾਇਆ, 44 ਲੱਖ ਰੁਪਏ ਕਰਵਾਏ ਨਿਵੇਸ਼
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਊ ਚੰਡੀਗੜ੍ਹ ਨਿਵਾਸੀ 68 ਸਾਲਾ ਸੇਵਾਮੁਕਤ ਲੈਫਟੀਨੈਂਟ ਕਰਨਲ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੀ 31 ਅਗਸਤ, 2026 ਨੂੰ ਫੇਸਬੁੱਕ ਚਲਾਉਂਦੇ ਸਮੇਂ ਉਨ੍ਹਾਂ ਨੂੰ ਸ਼ੇਅਰ ਬਾਜ਼ਾਰ ਵਿੱਚ ਥੋੜ੍ਹੇ ਸਮੇਂ ਵਿੱਚ ਵੱਧ ਮੁਨਾਫ਼ਾ ਕਮਾਉਣ ਸਬੰਧੀ ਇੱਕ ਇਸ਼ਤਿਹਾਰ ਦਿਖਾਈ ਦਿੱਤਾ। ਇਸ਼ਤਿਹਾਰ ਵਿੱਚ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰਦਿਆਂ ਹੀ ਉਹ ਕਰੀਬ 150 ਮੈਂਬਰਾਂ ਵਾਲੇ ਇੱਕ ਵਟਸਐਪ ਗਰੁੱਪ ਵਿੱਚ ਜੁੜ ਗਏ।
ਮੁਲਜ਼ਮਾਂ ਦੇ ਕਹਿਣ ‘ਤੇ ਉਨ੍ਹਾਂ ਨੇ ‘IISL NOXUS’ ਨਾਮਕ ਇੱਕ ਜਾਅਲੀ ਟ੍ਰੇਡਿੰਗ ਐਪ ਡਾਊਨਲੋਡ ਕੀਤੀ ਅਤੇ ਡੀ.ਐੱਮ.ਏ. (DMA) ਖਾਤਾ ਖੋਲ੍ਹਣ ਦੇ ਨਾਮ ‘ਤੇ ਆਪਣਾ ਪੈਨ ਤੇ ਆਧਾਰ ਕਾਰਡ ਵੀ ਸਾਂਝਾ ਕਰ ਦਿੱਤਾ। ਵਟਸਐਪ ਗਰੁੱਪ ਵਿੱਚ ਮਿਲਣ ਵਾਲੇ ਸੁਝਾਵਾਂ ਮੁਤਾਬਕ ਉਨ੍ਹਾਂ ਨੇ 2 ਸਤੰਬਰ ਤੋਂ 21 ਅਕਤੂਬਰ, 2026 ਦਰਮਿਆਨ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 44 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ।
2.61 ਕਰੋੜ ਦਾ ਮੁਨਾਫ਼ਾ ਦਿਖਾ ਕੇ ਬ੍ਰੋਕਰ ਫੀਸ ਦੇ ਨਾਮ ‘ਤੇ ਠੱਗੇ 26.19 ਲੱਖ ਰੁਪਏ
ਕੁਝ ਸਮੇਂ ਬਾਅਦ ਜਾਅਲੀ ਐਪ ਦੇ ਡੈਸ਼ਬੋਰਡ ‘ਤੇ ਉਨ੍ਹਾਂ ਦੇ ਖਾਤੇ ਵਿੱਚ ਕਰੀਬ 2.61 ਕਰੋੜ ਰੁਪਏ ਦਾ ਵਰਚੁਅਲ ਮੁਨਾਫ਼ਾ ਦਿਖਾਈ ਦੇਣ ਲੱਗਾ। ਜਦੋਂ ਕਰਨਲ ਓਮ ਪ੍ਰਕਾਸ਼ ਨੇ ਹੋਰ ਪੈਸੇ ਲਗਾਉਣ ਤੋਂ ਇਨਕਾਰ ਕਰਦਿਆਂ ਆਪਣੀ ਰਕਮ ਕਢਵਾਉਣ ਦੀ ਮੰਗ ਕੀਤੀ, ਤਾਂ ਠੱਗਾਂ ਨੇ ਮੁਨਾਫ਼ੇ ਦੀ ਰਕਮ ਜਾਰੀ ਕਰਨ ਬਦਲੇ 10 ਫ਼ੀਸਦੀ ਬ੍ਰੋਕਰ ਫੀਸ ਵਜੋਂ 26,19,608 ਰੁਪਏ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਖੀ। ਆਪਣੇ ਪੈਸੇ ਵਾਪਸ ਮਿਲਣ ਦੀ ਉਮੀਦ ਵਿੱਚ ਉਨ੍ਹਾਂ ਨੇ ਇਹ ਰਕਮ ਵੀ ਜਮ੍ਹਾਂ ਕਰਵਾ ਦਿੱਤੀ।
ਇਸ ਤੋਂ ਬਾਅਦ ਜਦੋਂ ਮੁਲਜ਼ਮਾਂ ਨੇ ਫੀਸ ਘੱਟ ਹੋਣ ਦਾ ਬਹਾਨਾ ਲਗਾ ਕੇ 13 ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ, ਤਾਂ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਹੋਰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀੜਤ ਅਨੁਸਾਰ ਮੁਲਜ਼ਮਾਂ ਨੇ ਆਪਣੀ ਪਛਾਣ “ਹੈੱਡ ਲਵ ਚਤੁਰਵੇਦੀ” ਅਤੇ “ਅਦਿਤੀ ਝਾਵੜ” ਵਜੋਂ ਦੱਸੀ ਸੀ। ਪੁਲਿਸ ਵੱਲੋਂ ਵਟਸਐਪ ਨੰਬਰਾਂ ਅਤੇ ਬੈਂਕ ਖਾਤਿਆਂ ਦੇ ਵੇਰਵਿਆਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।







