ਮੋਗਾ ਵਿੱਚ ‘ਆਪ’ ਦੇ ਮੈਗਾ ਸਮਾਗਮ ਦੌਰਾਨ ਵਾਪਰਿਆ ਦਰਦਨਾਕ ਹਾਦਸਾ: ਕੌਫੀ ਮਸ਼ੀਨ ਫਟਣ ਨਾਲ ਇੱਕ ਮਜ਼ਦੂਰ ਦੀ ਮੌਤ

ਮੋਗਾ/ਲੁਧਿਆਣਾ, 26 ਨਵੰਬਰ, 2026: ਪੰਜਾਬ ਦੇ ਮੋਗਾ ਵਿਖੇ ਆਮ ਆਦਮੀ ਪਾਰਟੀ (AAP) ਦੇ ਸਥਾਪਨਾ ਦਿਵਸ ਅਤੇ ‘ਸਮਾਰਟ ਰਾਸ਼ਨ ਕਾਰਡ’ ਵੰਡਣ ਸਬੰਧੀ ਕਰਵਾਏ ਜਾ ਰਹੇ ਰਾਜ-ਪੱਧਰੀ ਮੈਗਾ ਸਮਾਗਮ ਦੌਰਾਨ ਇੱਕ ਮੰਦਭਾਗਾ ਹਾਦਸਾ ਵਾਪਰ ਗਿਆ। ਸਮਾਗਮ ਵਾਲੀ ਥਾਂ ‘ਤੇ ਲੱਗੀ ਇੱਕ ਕੌਫੀ ਮਸ਼ੀਨ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਇੱਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ, ਧਮਾਕਾ ਇੰਨਾ ਤੇਜ਼ ਸੀ ਕਿ ਫਟੀ ਹੋਈ ਕੌਫੀ ਮਸ਼ੀਨ ਦਾ ਇੱਕ ਲੋਹੇ ਦਾ ਟੁਕੜਾ ਉੱਛਲ ਕੇ ਉੱਥੇ ਕੰਮ ਕਰ ਰਹੇ ਇੱਕ ਮਜ਼ਦੂਰ ਦੇ ਸਿਰ ਵਿੱਚ ਜਾ ਵੱਜਿਆ। ਗੰਭੀਰ ਸੱਟ ਲੱਗਣ ਕਾਰਨ ਉਕਤ ਮਜ਼ਦੂਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਘਟਨਾ ਮਗਰੋਂ ਸਮਾਗਮ ਵਾਲੀ ਥਾਂ ‘ਤੇ ਕੁਝ ਸਮੇਂ ਲਈ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਮੋਗਾ ਵਿਖੇ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡਣ ਲਈ ਇਹ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੇ ਆਗ਼ਾਜ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਮੁੱਚੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਸਮੁੱਚੀ ਸਿਖਰਲੀ ਲੀਡਰਸ਼ਿਪ ਸ਼ਿਰਕਤ ਕਰ ਰਹੀ ਹੈ।

Leave a Reply

Your email address will not be published. Required fields are marked *

View in English