ਫੈਕਟ ਸਮਾਚਾਰ ਸੇਵਾ
ਮਾਨਸਾ, ਸਤੰਬਰ 14
ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ ਹੋਈ ਜ਼ੋਰਦਾਰ ਟੱਕਰ ਕਾਰਨ ਕਰੀਬ ਇੱਕ ਦਰਜਨ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਕਰੀਬ ਅੱਧੀ ਦਰਜਨ ਬੱਚਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸਕੂਲ ਵੈਨ ਦੀ ਹਾਲਤ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਵੈਨ ਕਾਫ਼ੀ ਖ਼ਸਤਾ ਹਾਲਤ ਵਿੱਚ ਸੀ ਅਤੇ ਇਸ ਦੀ ਪਾਸਿੰਗ ਵੀ ਨਹੀਂ ਸੀ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਸਕੂਲੀ ਵਾਹਨਾਂ ਦੀ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਜਾਣਕਾਰੀ ਅਨੁਸਾਰ ਉਕਤ ਸਕੂਲ ਦੀ ਵੈਨ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ। ਇਸ ਦੌਰਾਨ ਬਰੇਟਾ ਅਤੇ ਦਿਆਲਪੁਰਾ ਵਿਚਕਾਰ ਵੈਨ ਦੇ ਅੱਗੇ ਜਾ ਰਹੀ ਬੱਸ ਨੇ ਬ੍ਰੇਕ ਲਗਾ ਦਿੱਤੇ ਅਤੇ ਸਕੂਲ ਵੈਨ ਉਸ ਵਿੱਚ ਜਾ ਵੱਜੀ, ਜਿਸ ਵਿੱਚ ਇੱਕ ਬੱਚੇ ਦਾ ਹੱਥ ਟੁੱਟ ਗਿਆ ਅਤੇ ਹੋਰਨਾਂ ਬੱਚਿਆਂ ਦੇ ਸੱਟਾਂ ਲੱਗੀਆਂ।
ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਡਰਾਈਵਰੀ ਕਰਦੇ ਵੇਲੇ ਛੋਲੇ ਖਾ ਕੇ ਪਾਣੀ ਪੀਣ ਲਈ ਥੱਲਿਓਂ ਗਲਾਸ ਚੁੱਕਣ ਲੱਗਿਆ ਅਤੇ ਅਚਾਨਕ ਉਸ ਨੇ ਬੱਸ ਦੇ ਬ੍ਰੇਕ ਲਗਾ ਦਿੱਤੇ, ਜਿਸ ਕਰਕੇ ਪਿੱਛਿਓਂ ਆ ਰਹੀ ਉਨ੍ਹਾਂ ਦੇ ਸਕੂਲ ਦੀ ਵੈਨ ਬੱਸ ਵਿੱਚ ਜਾ ਵੱਜੀ। ਜਿਸ ਵਿੱਚ ਬੱਚਿਆਂ ਦੇ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਬੱਚਿਆਂ ਨੂੰ ਬਰੇਟਾ ਹਸਪਤਾਲ ਤੋਂ ਬਾਅਦ ਮਾਨਸਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਤੇ ਪੁਲੀਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।







