ਭਲਕੇ ਪੰਜਾਬ ਭਰ ’ਚ ਠੱਪ ਰਹਿਣਗੇ ਸਰਕਾਰੀ ਦਫ਼ਤਰ: ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ‘

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਗਸਤ 26

‘ਸਾਂਝਾ ਮੁਲਾਜ਼ਮ ਮੰਚ’ ਦੇ ਸੱਦੇ ‘ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਭਲਕੇ ਪੂਰੇ ਸੂਬੇ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ ਲਏ ਜਾਣ ਕਾਰਨ ਸਾਰੇ ਸਰਕਾਰੀ ਵਿਭਾਗਾਂ ਵਿੱਚ ਰੋਜ਼ਾਨਾ ਦਾ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਮੁਲਾਜ਼ਮ ਲੰਬੇ ਸਮੇਂ ਤੋਂ ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਹੋਰ ਸਰਕਾਰੀ ਲਾਭ ਜਾਰੀ ਕਰਨ ਦੀ ਮੰਗ ਕਰ ਰਹੇ ਹਨ।

ਇਸ ਹੜਤਾਲ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ, ਤਹਿਸੀਲ ਦਫ਼ਤਰ, ਐਸ.ਡੀ.ਐਮ. ਦਫ਼ਤਰ, ਸੇਵਾ ਕੇਂਦਰ, ਜਲ ਸਪਲਾਈ ਤੇ ਸੈਨੀਟੇਸ਼ਨ, ਸਿੰਚਾਈ ਵਿਭਾਗ, ਨਗਰ ਨਿਗਮ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB), ਪਨਬੱਸ ਅਤੇ ਪੰਜਾਬ ਰੋਡਵੇਜ਼ ਸਮੇਤ ਸਾਰੇ ਪ੍ਰਮੁੱਖ ਵਿਭਾਗਾਂ ਦਾ ਕਲੈਰੀਕਲ ਸਟਾਫ਼ ਛੁੱਟੀ ’ਤੇ ਰਹੇਗਾ। ਮੁਲਾਜ਼ਮਾਂ ਨੇ ਆਪਣੇ ਪੱਧਰ ’ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਖੱਜਲ-ਖੁਆਰੀ ਤੋਂ ਬਚਣ ਲਈ ਕੱਲ੍ਹ ਸਰਕਾਰੀ ਦਫ਼ਤਰਾਂ ਵਿੱਚ ਨਾ ਆਉਣ, ਕਿਉਂਕਿ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ।

ਸਰਕਾਰ ਦੇ ਅੜੀਅਲ ਰਵੱਈਏ ਤੋਂ ਨਾਰਾਜ਼ ਸਟਾਫ਼ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਕੱਲ੍ਹ ਐਸ.ਆਈ.ਆਰ. (SIR) ਦੀਆਂ ਡਿਊਟੀਆਂ ਵੀ ਨਹੀਂ ਨਿਭਾਉਣਗੇ। ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ ਨੇ ਸਪੱਸ਼ਟ ਕੀਤਾ ਕਿ ਇਸ ਬੰਦ ਦੇ ਸੱਦੇ ਦਾ ਮਕਸਦ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ “ਸਾਡਾ ਸੰਘਰਸ਼ ਸਿਰਫ਼ ਸਾਡੀਆਂ ਹੱਕੀ ਮੰਗਾਂ ਮੰਨਵਾਉਣ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਇੱਕ ਬੈਠਕ ਤੈਅ ਹੈ, ਜੇਕਰ ਗੱਲਬਾਤ ਸਕਾਰਾਤਮਕ ਰਹੀ ਤਾਂ ਯੂਨੀਅਨ ਅਗਲਾ ਫੈਸਲਾ ਲਵੇਗੀ। ਹਾਲਾਂਕਿ, ਕੱਲ੍ਹ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਣਾ ਤੈਅ ਹੈ।”

ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਬਕਾਇਆ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਅਤੇ ਕੱਚੇ/ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨਾ ਸ਼ਾਮਲ ਹੈ। ਇਸ ਹੜਤਾਲ ਦਾ ਸਭ ਤੋਂ ਵੱਡਾ ਅਸਰ ਡੀ.ਸੀ. ਦਫ਼ਤਰਾਂ, ਰੈਵੇਨਿਊ ਵਿਭਾਗਾਂ, ਸਰਕਾਰੀ ਸਕੂਲਾਂ, ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਦੀਆਂ ਓ.ਪੀ.ਡੀ. ਸੇਵਾਵਾਂ ’ਤੇ ਪਵੇਗਾ। ਜਿੱਥੇ ਆਮ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਰੁਕਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ ਦੂਜੇ ਪਾਸੇ ਬਾਜ਼ਾਰ, ਨਿੱਜੀ ਅਦਾਰੇ, ਫੈਕਟਰੀਆਂ ਅਤੇ ਪ੍ਰਾਈਵੇਟ ਸੰਸਥਾਵਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ। ਖੰਨਾ ਦੀ ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਵਿਭਾਗ ਕੋਸ਼ਿਸ਼ ਕਰ ਰਹੇ ਹਨ ਕਿ ਕੰਮ ਨਾ ਰੁਕੇ, ਪਰ ਮੁਲਾਜ਼ਮਾਂ ਦੇ ਕੰਮ ਛੱਡਣ ਕਾਰਨ ਦਫ਼ਤਰਾਂ ਵਿੱਚ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *

View in English