ਬਠਿੰਡਾ, 25 ਅਕਤੂਬਰ, 2026 : ਬਠਿੰਡਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੂਮਵਾਲੀ ਦੀ ਨਰਸਿੰਗ ਕਲੋਨੀ ਵਿਖੇ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਘਰ ਦੀ ਕੰਧ ‘ਤੇ ਨੌਜਵਾਨ ਵੱਲੋਂ “ਚਿੱਟਾ ਹੀ ਚਿੱਟਾ” ਲਿਖ ਕੇ ਇਲਾਕੇ ਵਿੱਚ ਖੁੱਲ੍ਹੇਆਮ ਵਿਕ ਰਹੇ ਨਸ਼ੇ ਵਿਰੁੱਧ ਅਨੋਖਾ ਰੋਸ ਪ੍ਰਗਟਾਇਆ ਗਿਆ ਹੈ।
ਨੌਜਵਾਨ ਦੀ ਮਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਸ ਦਾ ਪੁੱਤਰ ਆਪ ਚਿੱਟੇ (ਹੈਰੋਇਨ) ਦਾ ਆਦੀ ਹੈ। ਉਸ ਨੇ ਦੋਸ਼ ਲਾਇਆ ਕਿ ਇਸ ਕਲੋਨੀ ਵਿੱਚ 200, 300 ਅਤੇ 500 ਰੁਪਏ ਵਿੱਚ ਚਿੱਟੇ ਦੀਆਂ ਪੁੜੀਆਂ ਖੁੱਲ੍ਹੇਆਮ ਵੇਚੀਆਂ ਜਾ ਰਹੀਆਂ ਹਨ। ਔਰਤ ਅਨੁਸਾਰ 13-14 ਸਾਲ ਦੇ ਛੋਟੇ ਬੱਚੇ ਵੀ ਨਸ਼ੇ ਦੀ ਤਸਕਰੀ ਅਤੇ ਵਰਤੋਂ ਵਿੱਚ ਫਸ ਚੁੱਕੇ ਹਨ। ਉਸ ਨੇ ਦੋਸ਼ ਲਾਇਆ ਕਿ ਨਸ਼ਾ ਵੇਚਣ ਵਾਲੇ ਵੱਡੇ ਤਸਕਰਾਂ ਨੇ ਅਥਾਹ ਜਾਇਦਾਦਾਂ ਬਣਾ ਲਈਆਂ ਹਨ ਅਤੇ ਪੁਲਿਸ ਰੇਡ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸੂਚਨਾ ਮਿਲ ਜਾਂਦੀ ਹੈ, ਜਿਸ ਕਾਰਨ ਠੋਸ ਕਾਰਵਾਈ ਨਹੀਂ ਹੋ ਪਾਉਂਦੀ। ਪੀੜਤ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਬੱਚਿਆਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਗੁਹਾਰ ਲਗਾਈ ਹੈ।
ਜ਼ਿਕਰਯੋਗ ਹੈ ਕਿ ਲਗਭਗ 15 ਦਿਨ ਪਹਿਲਾਂ ਹੀ ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਅਤੇ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਇਸੇ ਪਿੰਡ ਵਿੱਚ ਵਿਸ਼ੇਸ਼ ‘ਕਾਸੋ’ (CASO) ਖੋਜ ਅਭਿਆਨ ਚਲਾਇਆ ਗਿਆ ਸੀ, ਜਿਸ ਦੌਰਾਨ 5-6 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਵੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮੌੜ ਕਲਾਂ ਅਤੇ ਭਾਈ ਬਖਤੌਰ ਪਿੰਡਾਂ ਵਿੱਚ ਵੀ ਲੋਕਾਂ ਵੱਲੋਂ ਕੰਧਾਂ ‘ਤੇ ਪੋਸਟਰ ਅਤੇ ਫਲੈਕਸ ਲਗਾ ਕੇ ਨਸ਼ਿਆਂ ਦੀ ਮੁਕੰਮਲ ਬੰਦੀ ਦੀ ਮੰਗ ਕੀਤੀ ਜਾ ਚੁੱਕੀ ਹੈ।







