ਮੋਹਾਲੀ/ਚੰਡੀਗੜ੍ਹ, 17 ਅਕਤੂਬਰ, 2026: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਬਦਲਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ 22 ਅਕਤੂਬਰ ਤੱਕ ਇਲਾਕੇ ਵਿੱਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਜਿੱਥੇ ਦਿਨ ਵੇਲੇ ਹਲਕੀ ਧੁੱਪ ਨਾਲ ਗਰਮੀ ਮਹਿਸੂਸ ਹੋ ਸਕਦੀ ਹੈ, ਉੱਥੇ ਹੀ ਸਵੇਰ ਅਤੇ ਰਾਤ ਦੇ ਸਮੇਂ ਠੰਢ ਦਾ ਅਸਰ ਹੋਰ ਵਧ ਜਾਵੇਗਾ।
ਤਾਪਮਾਨ ਅਤੇ ਮੌਸਮੀ ਪ੍ਰਣਾਲੀ ਦੀ ਸਥਿਤੀ: ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ, ਫਿਰ ਵੀ ਤਾਪਮਾਨ ਆਮ ਨਾਲੋਂ 2.6 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ। ਲੰਘੇ ਦਿਨ ਰੋਪੜ ਵਿੱਚ ਸਭ ਤੋਂ ਵੱਧ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਖੇਤਰ ਵਿੱਚ ਸਰਗਰਮ ਪੱਛਮੀ ਗੜਬੜੀ (Western Disturbance) ਦਾ ਪ੍ਰਭਾਵ ਹੁਣ ਕਮਜ਼ੋਰ ਪੈ ਰਿਹਾ ਹੈ। ਹਾਲਾਂਕਿ ਹਰਿਆਣਾ ਅਤੇ ਉੱਤਰੀ ਰਾਜਸਥਾਨ ਉੱਤੇ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ, ਪਰ ਮੀਂਹ ਦੀਆਂ ਗਤੀਵਿਧੀਆਂ ਘਟਣ ਨਾਲ ਵਾਯੂਮੰਡਲ ਵਿੱਚ ਨਮੀ ਦਾ ਪੱਧਰ ਘਟੇਗਾ।
ਬਿਜਲੀ ਦੀ ਮੰਗ ਅਤੇ ਉਤਪਾਦਨ: ਮੌਸਮ ਵਿੱਚ ਆਈ ਤਬਦੀਲੀ ਕਾਰਨ ਸੂਬੇ ਵਿੱਚ ਬਿਜਲੀ ਦੀ ਖਪਤ ਵਿੱਚ ਵੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਬਿਜਲੀ ਦੀ ਕੁੱਲ ਮੰਗ 7,078 ਮੈਗਾਵਾਟ ਦਰਜ ਕੀਤੀ ਗਈ। ਸੂਬੇ ਵਿੱਚ ਕੁੱਲ ਬਿਜਲੀ ਉਤਪਾਦਨ 4,474 ਮੈਗਾਵਾਟ ਰਿਹਾ, ਜਦਕਿ ਨਿਰਧਾਰਤ ਟੀਚੇ (2,108 ਮੈਗਾਵਾਟ) ਦੇ ਮੁਕਾਬਲੇ 2,617 ਮੈਗਾਵਾਟ ਬਿਜਲੀ ਦੀ ਖਪਤ ਹੋਈ, ਜੋ ਕਿ 509 ਮੈਗਾਵਾਟ ਜ਼ਿਆਦਾ ਹੈ। ਬਿਜਲੀ ਦੀ ਫ੍ਰੀਕੁਐਂਸੀ 49.97 ਹਰਟਜ਼ ਰਿਕਾਰਡ ਕੀਤੀ ਗਈ।







