ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 13
ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਹਮਲਾਵਰਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦੇਰ ਰਾਤ ਕਰੀਬ 1:30 ਤੋਂ 2:00 ਵਜੇ ਦੇ ਵਿਚਕਾਰ ਵਾਪਰੀ, ਜਿੱਥੇ ਹਮਲਾਵਰਾਂ ਨੇ ਗਾਇਕ ਦੇ ਘਰ ਦੇ ਮੁੱਖ ਗੇਟ ’ਤੇ ਲਗਾਤਾਰ 7 ਤੋਂ 8 ਰਾਊਂਡ ਫਾਇਰ ਕੀਤੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਖੁਸ਼ਕਿਸਮਤੀ ਨਾਲ ਇਸ ਗੋਲੀਬਾਰੀ ਵਿੱਚ ਕਿਸੇ ਦੇ ਸੱਟ ਨਹੀਂ ਲੱਗੀ, ਪਰ ਗੋਲੀਆਂ ਦੇ ਨਿਸ਼ਾਨ ਘਰ ਦੇ ਮੁੱਖ ਲੋਹੇ ਦੇ ਗੇਟ ’ਤੇ ਸਾਫ਼ ਦੇਖੇ ਜਾ ਸਕਦੇ ਹਨ। ਵਾਰਦਾਤ ਸਮੇਂ ਗਾਇਕ ਗੁਲਾਬ ਸਿੱਧੂ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਇਨੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ ਅਤੇ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਵਿਦੇਸ਼ ਗਏ ਹੋਏ ਹਨ।
ਪੁਰਾਣੀਆਂ ਧਮਕੀਆਂ ਅਤੇ ਗੈਂਗਸਟਰਾਂ ਨਾਲ ਜੋੜ ਕੇ ਜਾਂਚ ਕਰ ਰਹੀ ਪੁਲੀਸ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ। ਇਸੇ ਆਧਾਰ ’ਤੇ ਪੁਲੀਸ ਇਸ ਪੂਰੀ ਘਟਨਾ ਨੂੰ ਪੁਰਾਣੀਆਂ ਧਮਕੀਆਂ ਅਤੇ ਗੈਂਗਸਟਰ ਐਂਗਲ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲੀਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਗੋਲੀਬਾਰੀ ਦੀ ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ ਦੇ ਆਧਾਰ ’ਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਤੇ ਸਰਪੰਚ ਜਗਸੀਰ ਸਿੰਘ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।







