ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ, ਪਿਤਾ ਐਸਐਸਪੀ ਦੇ ਤਬਾਦਲੇ ਲਈ ਭੁੱਖ ਹੜਤਾਲ ‘ਤੇ ਅੜੇ
ਮਾਨਸਾ, 8 ਨਵੰਬਰ, 2026: ਮਾਨਸਾ ਵਿੱਚ 13 ਅਕਤੂਬਰ ਨੂੰ ਗੋਲੀ ਮਾਰ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਚਰਚਿਤ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਘਟਨਾ ਦੇ 26 ਦਿਨਾਂ ਬਾਅਦ ਚੰਡੀਗੜ੍ਹ PGI ਤੋਂ ਅੱਜ ਤੜਕੇ 5 ਵਜੇ ਪਰਿਵਾਰ ਨੂੰ ਸੌਂਪੇ ਜਾਣ ਤੋਂ ਬਾਅਦ ਮਾਨਸਾ ਸਥਿਤ ਉਨ੍ਹਾਂ ਦੇ ਨਿਵਾਸ ਅਸਥਾਨ ‘ਤੇ ਪਹੁੰਚਾ ਦਿੱਤੀ ਗਈ ਹੈ। ਦੀਵਾਲੀ ਦੇ ਤਿਉਹਾਰ ਵਾਲੇ ਦਿਨ ਝੋਟਾ ਨੂੰ ਅੰਤਿਮ ਵਿਦਾਇਗੀ ਅਤੇ ਸ਼ਰਧਾਂਜਲੀ ਦੇਣ ਲਈ ਪੂਰੇ ਇਲਾਕੇ ਤੋਂ ਭਾਰੀ ਗਿਣਤੀ ਵਿੱਚ ਲੋਕ ਅਤੇ ਨਸ਼ਾ ਵਿਰੋਧੀ ਕਮੇਟੀ ਦੇ ਸਮਰਥਕ ਮਾਨਸਾ ਵਿਖੇ ਇਕੱਠੇ ਹੋ ਗਏ ਹਨ, ਜਦਕਿ ਦੇਹ ਦੇਖ ਕੇ ਝੋਟਾ ਦੀ ਪਤਨੀ, ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
- ਜੱਦੀ ਫਾਰਮ ‘ਚ ਹੋਵੇਗਾ ਅੰਤਿਮ ਸੰਸਕਾਰ: ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਮ੍ਰਿਤਕ ਦੇਹ ਨੂੰ ਪਹਿਲਾਂ ਘਰ ਅਤੇ ਧਰਨਾ ਸਥਾਨ ‘ਤੇ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਮਾਨਸਾ ਦੇ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਜੱਦੀ ਫਾਰਮ (ਖੇਤ) ਵਿੱਚ ਚਿਤਾ ਨੂੰ ਅਗਨੀ ਦਿੱਤੀ ਜਾਵੇਗੀ।
- ਪਿਤਾ ਦੀ ਭੁੱਖ ਹੜਤਾਲ ਜਾਰੀ: ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਬੀਤੇ ਦੋ ਦਿਨਾਂ ਤੋਂ ਅੰਨ-ਜਲ ਤਿਆਗ ਕੇ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਦੀ ਨਸ਼ਿਆਂ ਖ਼ਿਲਾਫ਼ ਨਾਕਾਮੀ ਕਾਰਨ ਹੀ ਉਨ੍ਹਾਂ ਦੇ ਪੁੱਤਰ ਦੀ ਜਾਨ ਗਈ ਹੈ, ਇਸ ਲਈ ਜਦੋਂ ਤੱਕ ਪੰਜਾਬ ਸਰਕਾਰ ਐਸਐਸਪੀ ਦਾ ਤਬਾਦਲਾ ਨਹੀਂ ਕਰਦੀ, ਉਹ ਭੁੱਖ ਹੜਤਾਲ ਖ਼ਤਮ ਨਹੀਂ ਕਰਨਗੇ।
- ਸੁਰੱਖਿਆ ਦੇੜੇ ਪ੍ਰਬੰਧ: ਮਾਨਸਾ ਵਿੱਚ ਤਣਾਅਪੂਰਨ ਮਾਹੌਲ ਅਤੇ ਵੱਡੇ ਇਕੱਠ ਨੂੰ ਦੇਖਦਿਆਂ ਸ਼ਹਿਰ ਅਤੇ ਅੰਤਿਮ ਸੰਸਕਾਰ ਵਾਲੇ ਸਥਾਨ ਦੁਆਲੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।







