ਪਠਾਨਕੋਟ ਵਿੱਚ ਭਾਰੀ ਮੀਂਹ, ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਚੰਡੀਗੜ੍ਹ: ਰੱਖੜੀ ਦੇ ਮੌਕੇ ਸ਼ੁੱਕਰਵਾਰ ਸਵੇਰ ਤੋਂ ਹੀ ਪਠਾਨਕੋਟ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ—ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੋਪੜ—ਵਿੱਚ ਮੀਂਹ ਦੀ ਭਵਿੱਖਬਾਣੀ ਕਰਦਿਆਂ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਅੰਸ਼ਕ ਤੌਰ ‘ਤੇ ਬੱਦਲਵਾਈ ਦੇ ਨਾਲ-ਨਾਲ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਮੌਨਸੂਨ ਦੀਆਂ ਗਤੀਵਿਧੀਆਂ ਕਮਜ਼ੋਰ ਪੈਣ ਕਾਰਨ ਰਾਜ ਵਿੱਚ ਗਰਮੀ ਅਤੇ ਹੁੰਮਸ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਉੱਤਰੀ ਹਰਿਆਣਾ ਵਿੱਚ ਬਣੀ ਮੌਸਮ ਪ੍ਰਣਾਲੀ, ਅੰਮ੍ਰਿਤਸਰ-ਅੰਬਾਲਾ ਤੋਂ ਲੰਘ ਰਹੀ ਮੌਨਸੂਨ ਟ੍ਰੈਫ਼ ਅਤੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ‘ਤੇ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਪੰਜਾਬ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਅਸਾਰ ਹਨ।

ਦੂਜੇ ਪਾਸੇ, ਸੂਬੇ ਦੇ ਮੁੱਖ ਡੈਮਾਂ ‘ਚ ਪਾਣੀ ਦਾ ਪੱਧਰ ਫਿਲਹਾਲ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਭਾਖੜਾ ਡੈਮ ਦਾ ਪਾਣੀ ਦਾ ਪੱਧਰ 1,634.61 ਫੁੱਟ (ਆਮਦ 32,881 ਕਿਊਸਿਕ) ਅਤੇ ਪੋਂਗ ਡੈਮ ਦਾ ਪਾਣੀ ਦਾ ਪੱਧਰ 1,365.88 ਫੁੱਟ (ਆਮਦ 25,476 ਕਿਊਸਿਕ) ਦਰਜ ਕੀਤਾ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹਨ।

Leave a Reply

Your email address will not be published. Required fields are marked *

View in English