ਨਵੀਂ ਦਿੱਲੀ, 22 ਜੂਨ:
ਭਾਰਤ ਦੇ ਕਈ ਹਿੱਸਿਆਂ ਵਿੱਚ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸ ਕਾਰਨ ਦੱਖਣੀ ਭਾਰਤ ਤੋਂ ਲੈ ਕੇ ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਤੱਕ ਅਗਲੇ ਇੱਕ ਹਫ਼ਤੇ ਤੱਕ ਮੌਸਮ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ 22 ਜੂਨ ਤੋਂ 28 ਜੂਨ, 2026 ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਮੀਂਹ, ਤੇਜ਼ ਗਰਜ-ਤੂਫ਼ਾਨ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਵਿਗਿਆਨੀਆਂ ਅਨੁਸਾਰ ਭਾਰਤ ਵਿੱਚ ਐਲ ਨੀਨੋ ਦੇ ਖ਼ਤਰਨਾਕ ਪ੍ਰਭਾਵ ਕਾਰਨ ਇੱਕ ਪਾਸੇ ਜਿੱਥੇ ਕੁਝ ਥਾਵਾਂ ‘ਤੇ ਭਿਆਨਕ ਗਰਮੀ ਦੀ ਲਹਿਰ ਚੱਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਰਿਕਾਰਡ ਤੋੜ ਮੀਂਹ ਪੈ ਰਿਹਾ ਹੈ।
ਦੱਖਣੀ ਪ੍ਰਾਇਦੀਪੀ ਭਾਰਤ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ, ਜਿਸ ਕਾਰਨ ਕੇਰਲ, ਕਰਨਾਟਕ ਅਤੇ ਤੇਲੰਗਾਨਾ ਵਿੱਚ ਵਿਆਪਕ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਤੱਟਵਰਤੀ ਕਰਨਾਟਕ, ਕੇਰਲ, ਲਕਸ਼ਦੀਪ ਅਤੇ ਤੇਲੰਗਾਨਾ ਵਿੱਚ 28 ਜੂਨ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 26 ਤੋਂ 28 ਜੂਨ ਦੌਰਾਨ ਤੱਟਵਰਤੀ ਕਰਨਾਟਕ ਦੇ ਕਈ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦਾ ਵਿਸ਼ੇਸ਼ ਅਲਰਟ ਹੈ। ਇਸ ਦੇ ਨਾਲ ਹੀ ਤੱਟਵਰਤੀ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਪੂਰਬੀ ਭਾਰਤ ਦੇ ਰਾਜਾਂ ਵਿੱਚ ਵੀ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਬਿਹਾਰ ਵਿੱਚ 25 ਜੂਨ ਤੱਕ 50-60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਖ਼ਤਰਨਾਕ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ, ਜਦਕਿ ਝਾਰਖੰਡ ਵਿੱਚ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾਵਾਂ ਚੱਲ ਸਕਦੀਆਂ ਹਨ। ਪੱਛਮੀ ਬੰਗਾਲ, ਸਿੱਕਮ, ਓਡੀਸ਼ਾ ਅਤੇ ਅੰਡੇਮਾਨ-ਨਿਕੋਬਾਰ ਟਾਪੂਆਂ ਵਿੱਚ 28 ਜੂਨ ਤੱਕ ਭਾਰੀ ਬਾਰਿਸ਼ ਦਾ ਸਿਲਸਿਲਾ ਜਾਰੀ ਰਹੇਗਾ, ਜਿਸ ਵਿੱਚ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਕੁਝ ਦਿਨ ਬੇਹੱਦ ਭਾਰੀ ਮੀਂਹ ਪੈ ਸਕਦਾ ਹੈ।
ਦੂਜੇ ਪਾਸੇ, ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿੱਚ ਵੀ ਮੌਸਮ ਕਰਵਟ ਲੈ ਰਿਹਾ ਹੈ। ਦਿੱਲੀ-ਐਨਸੀਆਰ, ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 26 ਜੂਨ ਤੱਕ ਧੂੜ ਭਰੀਆਂ ਹਨੇਰੀਆਂ ਚੱਲਣ ਅਤੇ ਖਿੰਡੇ-ਪੁੰਡੇ ਰੂਪ ਵਿੱਚ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ, ਜਦਕਿ ਰਾਜਸਥਾਨ ਵਿੱਚ 50-60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਅੰਧੜ ਆ ਸਕਦਾ ਹੈ। ਪਹਾੜੀ ਖੇਤਰਾਂ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਦੇ ਕੁਝ ਇਲਾਕਿਆਂ ਵਿੱਚ ਗੜੇਮਾਰੀ ਦੀ ਚੇਤਾਵਨੀ ਦਿੱਤੀ ਗਈ ਹੈ, ਜਦਕਿ ਉੱਤਰਾਖੰਡ ਵਿੱਚ 25 ਜੂਨ ਤੱਕ ਤੂਫ਼ਾਨ ਦਾ ਅਲਰਟ ਲਾਗੂ ਰਹੇਗਾ। ਇਸ ਤੋਂ ਇਲਾਵਾ ਪੱਛਮੀ ਭਾਰਤ ਦੇ ਮੁੰਬਈ ਅਤੇ ਕੋਂਕਣ-ਗੋਆ ਖੇਤਰਾਂ ਵਿੱਚ ਅਗਲੇ ਇੱਕ ਹਫ਼ਤੇ ਤੱਕ ਲਗਾਤਾਰ ਮੂਸਲਾਧਾਰ ਮੀਂਹ ਪਵੇਗਾ, ਜਦਕਿ ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਗਰਜ-ਚਮਕ ਦੇ ਨਾਲ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ।







