ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਹੁਣ ਮਿਲੇਗੀ ਖਾਸ ਸਹੂਲਤ

ਫੈਕਟ ਸਮਾਚਾਰ ਸੇਵਾ

ਫਿਰੋਜ਼ਪੁਰ , ਸਤੰਬਰ 5

ਯਾਤਰੀਆਂ ਨੂੰ ਸੁਰੱਖਿਅਤ, ਸੁਵਿਧਾਜਨਕ ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫਿਰੋਜ਼ਪੁਰ ਮੰਡਲ ਵੱਲੋਂ ਬਿਆਸ ਰੇਲਵੇ ਸਟੇਸ਼ਨ ’ਤੇ ਡਿਜੀਟਲ ਲਾਕਰ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨਵੀਂ ਸਹੂਲਤ ਰਾਹੀਂ ਰੇਲ ਯਾਤਰੀ ਆਪਣੇ ਬੈਗ ਤੇ ਹੋਰ ਸਾਮਾਨ ਨੂੰ ਨਿਰਧਾਰਤ ਸਮੇਂ ਲਈ ਸੁਰੱਖਿਅਤ ਢੰਗ ਨਾਲ ਲਾਕਰ ’ਚ ਰੱਖ ਸਕਣਗੇ। ਇਸ ਨਾਲ ਯਾਤਰੀਆਂ ਨੂੰ ਭਾਰੀ ਸਾਮਾਨ ਨਾਲ ਸਟੇਸ਼ਨ ’ਤੇ ਘੁੰਮਣ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ। ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਇਹ ਸਹੂਲਤ ਖਾਸ ਤੌਰ ’ਤੇ ਉਨ੍ਹਾਂ ਯਾਤਰੀਆਂ ਲਈ ਲਾਹੇਵੰਦ ਸਾਬਤ ਹੋਵੇਗੀ, ਜਿਨ੍ਹਾਂ ਨੂੰ ਆਪਣੀ ਰੇਲਗੱਡੀ ਦੀ ਉਡੀਕ ਦੌਰਾਨ ਕਈ ਘੰਟੇ ਸਟੇਸ਼ਨ ’ਤੇ ਬਿਤਾਉਣੇ ਪੈਂਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਯਾਤਰੀ ਨੂੰ ਕੁਝ ਸਮੇਂ ਲਈ ਸਟੇਸ਼ਨ ਤੋਂ ਬਾਹਰ ਜਾਣਾ ਪਵੇ ਤਾਂ ਉਹ ਆਪਣਾ ਸਾਮਾਨ ਆਪਣੇ ਨਾਲ ਲਿਜਾਣ ਦੀ ਬਜਾਏ ਡਿਜੀਟਲ ਲਾਕਰ ’ਚ ਸੁਰੱਖਿਅਤ ਰੱਖ ਸਕੇਗਾ। ਇਸ ਪ੍ਰਬੰਧ ਤਹਿਤ ਯਾਤਰੀ ਆਪਣੀ ਲੋੜ ਮੁਤਾਬਕ ਲਾਕਰ ਨੂੰ ਨਿਰਧਾਰਤ ਸਮੇਂ ਲਈ ਬੁੱਕ ਕਰ ਸਕਣਗੇ। ਲਾਕਰ ਦੀ ਵਰਤੋਂ ਲਈ ਕਿਰਾਇਆ ਵੀ ਬੁਕਿੰਗ ਦੀ ਮਿਆਦ ਦੇ ਅਨੁਸਾਰ ਲਿਆ ਜਾਵੇਗਾ। ਇਸ ਤਰ੍ਹਾਂ ਯਾਤਰੀ ਆਪਣੀ ਜ਼ਰੂਰਤ ਮੁਤਾਬਕ ਸਮੇਂ ਦੀ ਚੋਣ ਕਰਕੇ ਸਹੂਲਤ ਦਾ ਲਾਭ ਲੈ ਸਕਣਗੇ।

ਡਿਜੀਟਲ ਲਾਕਰ ਦੀ ਵਰਤੋਂ ਕਰਨ ਲਈ ਯਾਤਰੀ ਨੂੰ ਲਾਕਰ ਪੈਨਲ ’ਤੇ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਮੋਬਾਇਲ ’ਤੇ ਪ੍ਰਾਪਤ ਹੋਣ ਵਾਲੇ ਓਟੀਪੀ ਰਾਹੀਂ ਅਗਲੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਯਾਤਰੀ ਆਪਣੀ ਲੋੜ ਅਨੁਸਾਰ ਉਪਲੱਬਧ ਲਾਕਰ ਦੀ ਚੋਣ ਕਰਨ ਉਪਰੰਤ ਕਿਊਆਰ ਕੋਡ ਸਕੈਨ ਕਰਕੇ ਆਨਲਾਈਨ ਭੁਗਤਾਨ ਵੀ ਕਰ ਸਕਣਗੇ।

Leave a Reply

Your email address will not be published. Required fields are marked *

View in English