ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪ੍ਰੋਜੈਕਟ ‘ਜੀਵਨਜੋਤ’ ਨੂੰ ਮਿਲੀ ਹੋਰ ਰਫ਼ਤਾਰ; ਬਾਲ ਭਿਖਿਆ ਵਿੱਚੋਂ 39 ਬੱਚਿਆਂ ਨੂੰ ਕਰਵਾਇਆ ਰੈਸਕਿਊ*
*195 ਹਾਟਸਪਾਟਾਂ ‘ਤੇ 82 ਵਿਸ਼ੇਸ਼ ਰੇਡਾਂ; ਬੱਚਿਆਂ ਨੂੰ ਭਿਖਿਆ ਤੋਂ ਮੁਕਤ ਕਰਕੇ ਸਿੱਖਿਆ ਅਤੇ ਸੁਰੱਖਿਅਤ ਭਵਿੱਖ ਨਾਲ ਜੋੜਨ ਵੱਲ ਅਹਿਮ ਕਦਮ*
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਬੱਚੇ ਦੇ ਸੁਰੱਖਿਅਤ ਬਚਪਨ ਲਈ ਵਚਨਬੱਧ; ਡਾ. ਬਲਜੀਤ ਕੌਰ ਵੱਲੋਂ ਲੋਕਾਂ ਨੂੰ ਚਾਈਲਡ ਹੈਲਪਲਾਈਨ 1098 ‘ਤੇ ਸੂਚਨਾ ਦੇਣ ਦੀ ਅਪੀਲ*
ਚੰਡੀਗੜ੍ਹ, 8 ਸਤੰਬਰ:
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬਾਲ ਭਿਖਿਆ ਵਰਗੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਹਰ ਬੱਚੇ ਦੇ ਬਚਪਨ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ‘ਜੀਵਨਜੋਤ’ ਤਹਿਤ ਸੂਬਾ ਭਰ ਵਿੱਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਬੱਚੇ ਨੂੰ ਭਿਖਿਆ, ਸ਼ੋਸ਼ਣ ਅਤੇ ਅਸੁਰੱਖਿਆ ਤੋਂ ਮੁਕਤ ਕਰਕੇ ਉਸ ਨੂੰ ਸੁਰੱਖਿਆ, ਸਿੱਖਿਆ ਅਤੇ ਸਨਮਾਨ ਨਾਲ ਭਰਪੂਰ ਜੀਵਨ ਪ੍ਰਦਾਨ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ। ਇਸੇ ਮਕਸਦ ਨਾਲ ਜ਼ਿਲ੍ਹਾ ਪੱਧਰੀ ਟਾਸਕ ਫੋਰਸਾਂ ਰਾਹੀਂ ਪ੍ਰੋਜੈਕਟ ‘ਜੀਵਨਜੋਤ’ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਨ ਅਤੇ ਸ਼ਾਮ ਦੇ ਵੱਖ-ਵੱਖ ਸਮਿਆਂ ਵਿੱਚ 195 ਹਾਟਸਪਾਟਾਂ ‘ਤੇ 82 ਵਿਸ਼ੇਸ਼ ਰੇਡਾਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ 39 ਬੱਚਿਆਂ ਨੂੰ ਬਾਲ ਭਿਖਿਆ ਵਿੱਚੋਂ ਰੈਸਕਿਊ ਕਰਕੇ ਸਬੰਧਤ ਬਾਲ ਭਲਾਈ ਕਮੇਟੀਆਂ ਅੱਗੇ ਪੇਸ਼ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਅਤੇ ਪਰਿਵਾਰਕ ਪਛਾਣ ਦੀ ਤਸਦੀਕ ਉਪਰੰਤ 27 ਬੱਚਿਆਂ ਨੂੰ ਮੌਕੇ ‘ਤੇ ਹੀ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਬਾਕੀ 12 ਬੱਚਿਆਂ ਨੂੰ ਬਾਲ ਘਰਾਂ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਵੀ ਸਬੰਧਤ ਪਰਿਵਾਰਾਂ ਨਾਲ ਰਿਸ਼ਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਪੁਰਦ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਦੇ ਸਰਵੋਤਮ ਹਿੱਤਾਂ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਡਾ. ਬਲਜੀਤ ਕੌਰ ਨੇ ਕਿਹਾ ਕਿ ਰੈਸਕਿਊ ਕੀਤੇ ਗਏ ਬੱਚਿਆਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਵੀ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 6 ਬੱਚਿਆਂ ਦੇ ਸਕੂਲਾਂ ਵਿੱਚ ਦਾਖਲੇ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ, ਜਦਕਿ ਹੋਰ 6 ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਨਾਲ ਜੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਪੋਸ਼ਣ, ਸ਼ੁਰੂਆਤੀ ਸਿੱਖਿਆ ਅਤੇ ਸਰਵਪੱਖੀ ਵਿਕਾਸ ਦਾ ਲਾਭ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਭ ਤੋਂ ਵੱਧ 10 ਬੱਚੇ ਤਰਨ ਤਾਰਨ, 9 ਅੰਮ੍ਰਿਤਸਰ, 7 ਲੁਧਿਆਣਾ ਅਤੇ 5 ਐਸ.ਏ.ਐਸ. ਨਗਰ ਤੋਂ ਰੈਸਕਿਊ ਕੀਤੇ ਗਏ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਕਿਸੇ ਵੀ ਬੱਚੇ ਦਾ ਸਥਾਨ ਸੜਕਾਂ ‘ਤੇ ਨਹੀਂ, ਸਗੋਂ ਸਕੂਲ, ਆਂਗਣਵਾੜੀ ਅਤੇ ਆਪਣੇ ਪਰਿਵਾਰ ਦੇ ਸੁਰੱਖਿਅਤ ਮਾਹੌਲ ਵਿੱਚ ਹੈ। ਉਨ੍ਹਾਂ ਕਿਹਾ ਕਿ ਬਾਲ ਭਿਖਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਲਗਾਤਾਰ ਜਾਰੀ ਰੱਖੇਗੀ।
ਲੋਕਾਂ ਨੂੰ ਇਸ ਨੇਕ ਉਪਰਾਲੇ ਵਿੱਚ ਭਾਗੀਦਾਰ ਬਣਨ ਦੀ ਅਪੀਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਜੇਕਰ ਕਿਸੇ ਵੀ ਬੱਚੇ ਨੂੰ ਭਿਖਿਆ ਮੰਗਦਿਆਂ ਜਾਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੀ ਲੋੜ ਵਾਲੀ ਸਥਿਤੀ ਵਿੱਚ ਦੇਖਿਆ ਜਾਵੇ ਤਾਂ ਇਸ ਦੀ ਸੂਚਨਾ ਤੁਰੰਤ ਆਪਣੇ ਜ਼ਿਲ੍ਹੇ ਦੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਾਲ ਭਲਾਈ ਕਮੇਟੀ ਜਾਂ ਚਾਈਲਡ ਹੈਲਪਲਾਈਨ 1098 ‘ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਤੁਹਾਡੀ ਇੱਕ ਸੂਚਨਾ ਕਿਸੇ ਬੱਚੇ ਦਾ ਬਚਪਨ ਬਚਾ ਸਕਦੀ ਹੈ ਅਤੇ ਉਸ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ।







