ਮਾਨਸਾ/ਚੰਡੀਗੜ੍ਹ, 6 ਨਵੰਬਰ, 2026 (ਨਿਤਿਨ ਸਿੰਗਲਾ): ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਤੋਂ ਠੀਕ ਪਹਿਲਾਂ ਪਰਿਵਾਰ ਨੇ ਇੱਕ ਹੋਰ ਵੱਡੀ ਮੰਗ ਰੱਖ ਦਿੱਤੀ ਹੈ। ਝੋਟਾ ਦੇ ਪਿਤਾ ਭੀਮ ਸਿੰਘ ਨੇ ਪੰਜਾਬ ਸਰਕਾਰ ਅਤੇ ਮੀਟਿੰਗ ਵਿੱਚ ਮੌਜੂਦ ਕੈਬਨਿਟ ਮੰਤਰੀਆਂ ਤੋਂ ਮੰਗ ਕੀਤੀ ਹੈ ਕਿ ਮਾਨਸਾ ਦੇ ਐਸਐਸਪੀ (SSP) ਵੈਭਵ ਚੌਧਰੀ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਐਸਐਸਪੀ ਵੀ ਝੋਟਾ ਦੇ ਕਤਲ ਲਈ ਜ਼ਿੰਮੇਵਾਰ ਹਨ ਕਿਉਂਕਿ ਉਹ ਨਸ਼ਾ ਤਸਕਰਾਂ ਵਿਰੁੱਧ ਸਮੇਂ ਸਿਰ ਕਾਰਵਾਈ ਕਰਨ ਵਿੱਚ ਨਾਕਾਮ ਰਹੇ ਅਤੇ ਘਟਨਾ ਤੋਂ ਬਾਅਦ ਵੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹੇ।
ਇਸ ਦੌਰਾਨ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਨੂੰ ਵੀਰਵਾਰ ਅੱਧੀ ਰਾਤ 12 ਵਜੇ ਮਾਨਸਾ ਸਿਵਲ ਹਸਪਤਾਲ ਤੋਂ ਵੈਂਟੀਲੇਟਰ ਅਤੇ ਫ੍ਰੀਜ਼ਰ ਨਾਲ ਲੈਸ ਆਧੁਨਿਕ ਐਂਬੂਲੈਂਸ ਰਾਹੀਂ ‘ਸਤਿਨਾਮ ਵਾਹਿਗੁਰੂ’ ਦੇ ਜਾਪ ਨਾਲ ਪੀਜੀਆਈ (PGI) ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਅੱਜ (6 ਨਵੰਬਰ) ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਪਰਿਵਾਰ ਵੱਲੋਂ 2 ਕਰੋੜ ਰੁਪਏ ਦੇ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀਆਂ ਸ਼ਰਤਾਂ ‘ਤੇ ਸਰਕਾਰ ਨਾਲ ਕੀਤੇ ਸਮਝੌਤੇ ਤੋਂ ਬਾਅਦ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਮੰਗ ਛੱਡਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਛਿੜ ਗਈ ਸੀ। ਹਾਲਾਂਕਿ, ਕਾਨੂੰਨੀ ਮਾਹਿਰਾਂ ਅਤੇ ਸੀਬੀਆਈ (CBI) ਦੇ ਇਨਪੁਟਸ ਅਨੁਸਾਰ ਪੋਸਟਮਾਰਟਮ ਵਿੱਚ ਵਧੇਰੇ ਦੇਰੀ ਨਾਲ ਮੌਤ ਦੇ ਅਸਲ ਕਾਰਨ, ਗੋਲੀ ਲੱਗਣ ਦੇ ਜ਼ਖ਼ਮਾਂ, ਬਾਰੂਦ ਦੇ ਨਿਸ਼ਾਨਾਂ ਅਤੇ ਫੋਰੈਂਸਿਕ ਸਬੂਤਾਂ ਦੇ ਕਮਜ਼ੋਰ ਹੋਣ ਦਾ ਖ਼ਦਸ਼ਾ ਸੀ, ਜਿਸ ਨਾਲ ਅਦਾਲਤ ਵਿੱਚ ਦੋਸ਼ੀਆਂ ਵਿਰੁੱਧ ਕੇਸ ਪ੍ਰਭਾਵਿਤ ਹੋ ਸਕਦਾ ਸੀ। ਇਸੇ ਕਾਨੂੰਨੀ ਪਹਿਲੂ ਨੂੰ ਦੇਖਦਿਆਂ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੋਇਆ ਹੈ।







