ਫੈਕਟ ਸਮਾਚਾਰ ਸੇਵਾ
ਕਾਜ਼ੀਕੁੰਡ, 18 ਅਗਸਤ
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕਾਜ਼ੀਕੁੰਡ ਖੇਤਰ ਵਿੱਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਅੱਜ ਇੱਕ ਟਰੱਕ ਦੀ ਸੀਆਰਪੀਐਫ ਬੰਕਰ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸੀਆਰਪੀਐਫ ਦੇ 5 ਜਵਾਨ ਜ਼ਖਮੀ ਹੋ ਗਏ। ਟੱਕਰ ਤੋਂ ਬਾਅਦ ਬੰਕਰ ਵਾਹਨ ਪਲਟ ਗਿਆ।
ਇਹ ਹਾਦਸਾ ਲੇਵਾਡੋਰਾ ਖੇਤਰ ਵਿੱਚ ਵਾਪਰਿਆ, ਜਿੱਥੇ ਟਰੱਕ ਨੰਬਰ JK02DU-4386 ਸੀਆਰਪੀਐਫ ਬੰਕਰ ਵਾਹਨ ਨੰਬਰ JK02CG-5795 ਨਾਲ ਟਕਰਾ ਗਿਆ। ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਜ਼ਖਮੀ ਫੌਜੀਆਂ ਨੂੰ ਤੁਰੰਤ ਕਾਜ਼ੀਕੁੰਡ ਸਥਿਤ ਸੀਆਰਪੀਐਫ ਦੀ 163ਵੀਂ ਬਟਾਲੀਅਨ ਦੇ ਮੈਡੀਕਲ ਰੂਮ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਜ਼ਖਮੀਆਂ ਦੀ ਪਛਾਣ ਇੰਸਪੈਕਟਰ ਰਾਜ ਕੁਮਾਰ ਤਿਵਾੜੀ, ਐਸਆਈ/ਜੀਡੀ ਰਾਜਿੰਦਰ ਸਿੰਘ, ਏਐਸਆਈ/ਜੀਡੀ ਲਵੰਡੇ, ਏਐਸਆਈ/ਜੀਡੀ ਉਮੇਸ਼ ਕੁਮਾਰ ਅਤੇ ਐੱਚਸੀ ਡਰਾਈਵਰ ਵਰਿੰਦਰ ਵਜੋਂ ਹੋਈ ਹੈ।
ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਆਪਰੇਟਰ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।







