ਜੰਤਰ-ਮੰਤਰ ‘ਤੇ ਪ੍ਰਦਰਸ਼ਨ ਤੋਂ ਪਹਿਲਾਂ ਮਹਾਰਾਸ਼ਟਰ ‘ਚ ਵਿਵਾਦ: ਦਿੱਲੀ ਜਾਣ ਵਾਲਿਆਂ ‘ਤੇ ਪੁਲਿਸ ਦੀ ਨਜ਼ਰ; ਪ੍ਰਦਰਸ਼ਨਕਾਰੀਆਂ ਨੇ ਲਗਾਏ ਜ਼ਬਰਦਸਤੀ ਬਾਂਡ ਭਰਵਾਉਣ ਦੇ ਦੋਸ਼

ਮੁੰਬਈ/ਨਵੀਂ ਦਿੱਲੀ, 9 ਅਕਤੂਬਰ, 2026: ਦਿੱਲੀ ਦੇ ਜੰਤਰ-ਮੰਤਰ ‘ਤੇ 10 ਅਕਤੂਬਰ ਨੂੰ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਉਲੀਕੇ ਗਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਪੁਲਿਸ ਕਾਰਵਾਈ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਮੁੰਬਈ, ਠਾਣੇ, ਨਾਗਪੁਰ ਅਤੇ ਪੁਣੇ ਸਮੇਤ ਕਈ ਸ਼ਹਿਰਾਂ ਦੇ ਸਮਾਜਿਕ ਅਤੇ ਸਿਆਸੀ ਕਾਰਕੁਨਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਉਨ੍ਹਾਂ ਦੇ ਘਰਾਂ ‘ਚ ਪਹੁੰਚ ਕੇ ਯਾਤਰਾ ਯੋਜਨਾਵਾਂ ਬਾਰੇ ਪੁੱਛਗਿੱਛ ਕਰ ਰਹੀ ਹੈ ਅਤੇ ਪ੍ਰਦਰਸ਼ਨ ‘ਚ ਸ਼ਾਮਲ ਨਾ ਹੋਣ ਲਈ ਜ਼ਬਰਦਸਤੀ ਲਿਖਤੀ ਬਾਂਡ (ਅੰਡਰਟੇਕਿੰਗ) ‘ਤੇ ਦਸਤਖਤ ਕਰਵਾ ਰਹੀ ਹੈ।

ਮੁੰਬਈ ਦੇ ਸਾਂਤਾਕਰੂਜ਼ ਦੀ ਰਹਿਣ ਵਾਲੀ ਕਾਰਕੁਨ ਸਦਾਫ ਰਜ਼ਾ ਜ਼ੈਦੀ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀਆਂ ਨੇ ਉਸ ਦੇ ਘਰ ਆ ਕੇ ਦਿੱਲੀ ਜਾਣ ਦੀ ਯੋਜਨਾ ਬਾਰੇ ਪੁੱਛਿਆ, ਲਾਈਵ ਲੋਕੇਸ਼ਨ ਮੰਗੀ ਅਤੇ ਪੁਲਿਸ ਸਟੇਸ਼ਨ ਆ ਕੇ ਪ੍ਰਦਰਸ਼ਨ ‘ਚ ਨਾ ਜਾਣ ਦਾ ਬਾਂਡ ਭਰਨ ਲਈ ਦਬਾਅ ਪਾਇਆ। ਇਸੇ ਤਰ੍ਹਾਂ ਸਮਾਜਿਕ ਸੰਗਠਨ ‘ਹਮ ਭਾਰਤ ਕੇ ਲੋਗ’ ਨੇ ਵੀ ਫਿਰੋਜ਼ ਮਿੱਠੀਬੋਰਵਾਲਾ ਅਤੇ ਸਲੀਮ ਸਾਬੂਵਾਲਾ ਨੂੰ ਹਿਰਾਸਤ ‘ਚ ਰੱਖਣ ਦਾ ਦੋਸ਼ ਲਗਾਇਆ। ਦੂਜੇ ਪਾਸੇ, ਟਰੇਨਾਂ ਰਾਹੀਂ ਦਿੱਲੀ ਜਾ ਰਹੇ ‘ਏ.ਆਈ.ਐੱਸ.ਐੱਫ.’ (AISF) ਦੇ ਮੈਂਬਰਾਂ ਨੇ ਸ਼ਿਕਾਇਤ ਕੀਤੀ ਕਿ ਆਰ.ਪੀ.ਐੱਫ. ਅਤੇ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਲਗਾਤਾਰ ਟ੍ਰੈਕ ਕੀਤਾ ਜਾ ਰਿਹਾ ਹੈ।

ਪੁਲਿਸ ਪ੍ਰਸ਼ਾਸਨ ਦਾ ਪੱਖ

ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਦਫ਼ਤਰ ਨੇ ਹਿਰਾਸਤ ‘ਚ ਲਏ ਜਾਣ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ, ਪਰ ਇਹ ਮੰਨਿਆ ਹੈ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਕੁਝ ਜ਼ਿਲ੍ਹਿਆਂ ‘ਚ ਨੋਟਿਸ ਜਾਰੀ ਕੀਤੇ ਗਏ ਹਨ। ਨਾਗਪੁਰ ‘ਚ ਵੀ ਘੱਟੋ-ਘੱਟ ਦੋ ਵਲੰਟੀਅਰਾਂ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 168 ਤਹਿਤ ਨੋਟਿਸ ਦਿੱਤੇ ਜਾਣ ਦੀ ਪੁਸ਼ਟੀ ਹੋਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਦਮ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸੰਭਾਵੀ ਹੰਗਾਮੇ ਨੂੰ ਰੋਕਣ ਲਈ ਚੁੱਕੇ ਗਏ ਹਨ।

Leave a Reply

Your email address will not be published. Required fields are marked *

View in English