ਕੋਲੰਬੀਆ ’ਚ ਆਇਆ ਭਿਆਨਕ ਭੂਚਾਲ, ਵੀਡੀਓ ਆਇਆ ਸਾਹਮਣੇ

ਫੈਕਟ ਸਮਾਚਾਰ ਸੇਵਾ

ਬੋਗੋਟਾ , ਅਗਸਤ 11

ਕੋਲੰਬੀਆ ’ਚ ਸੋਮਵਾਰ ਨੂੰ 7.4 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ, ਜਿਸ ਨਾਲ ਦੇਸ਼ ਦਾ ਵੱਡਾ ਹਿੱਸਾ ਹਿੱਲ ਗਿਆ। ਇਹ 21ਵੀਂ ਸਦੀ ’ਚ ਦੱਖਣੀ ਅਮਰੀਕੀ ਦੇਸ਼ ’ਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।

ਭੂਚਾਲ ਕਾਰਨ ਕਈ ਸ਼ਹਿਰਾਂ ’ਚ ਇਮਾਰਤਾਂ ਢਹਿ ਗਈਆਂ। ਹੁਣ ਤੱਕ ਘੱਟੋ-ਘੱਟ 132 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਲਗਪਗ 570 ਲੋਕ ਜ਼ਖ਼ਮੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਬਚਾਅ ਦਲ ਅਤੇ ਸਥਾਨਕ ਲੋਕ ਮਲਬਾ ਹਟਾਉਣ ’ਚ ਲੱਗੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ’ਚ ਪਰੇਰਾ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਢਹਿੰਦੀ ਦਿਖਾਈ ਦਿੱਤੀ। ਮਨੀਜਾਲੇਸ ਵਿੱਚ ਨੀਓ-ਗੋਥਿਕ ਕੈਥੇਡ੍ਰਲ ਦਾ ਸਾਈਡ ਟਾਵਰ ਡਿੱਗ ਗਿਆ ਅਤੇ ਮਲਬਾ ਸੜਕਾਂ ‘ਤੇ ਖਿਲਰ ਗਿਆ। ਵੀਡੀਓ ’ਚ ਲੋਕਾਂ ਨੇ ਮਲਬੇ ਵਿੱਚੋਂ ਧੂੜ ਨਾਲ ਢੱਕੇ ਇੱਕ ਬੱਚੇ ਨੂੰ ਬਾਹਰ ਕੱਢਿਆ। ਕੈਲੀ ਵਿੱਚ ਪੰਜ ਮੰਜ਼ਿਲਾ ਇਮਾਰਤ ਦੇ ਹੇਠਾਂ ਤੋਂ ਛੇ ਮਹੀਨੇ ਦੀ ਬੱਚੀ ਅਤੇ ਉਸਦੀ ਮਾਂ ਨੂੰ ਬਚਾਇਆ ਗਿਆ।

ਉੱਥੇ ਹੀ ਇੱਕ ਹਸਪਤਾਲ ’ਚ ਬਚਾਅ ਕਰਮੀ ਮਰੀਜ਼ਾਂ ਨੂੰ ਰੱਸੀ ਨਾਲ ਖਿੜਕੀਆਂ ਰਾਹੀਂ ਬਾਹਰ ਕੱਢਦੇ ਦਿਖਾਈ ਦਿੱਤੇ। ਕੋਲੰਬੀਆਈ ਜਿਓਲਾਜੀਕਲ ਸਰਵਿਸ ਨੇ ਆਫਟਰਸ਼ਾਕਸ (ਬਾਅਦ ਦੇ ਝਟਕਿਆਂ) ਦੀ ਚਿਤਾਵਨੀ ਦਿੱਤੀ ਹੈ। ਭੂਚਾਲ ਤੋਂ ਬਾਅਦ 21 ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰਪਤੀ ਅਬੇਲਾਰਡੋ ਡੀ ਲਾ ਐਸਪ੍ਰਿਏਲਾ ਨੇ ਦੱਸਿਆ ਕਿ ਭੂਚਾਲ ਅਤੇ ਝਟਕਿਆਂ ਤੋਂ ਘੱਟੋ-ਘੱਟ 1,575 ਘਰ, 18 ਸਿਹਤ ਕੇਂਦਰ ਅਤੇ 52 ਸਕੂਲ ਨੁਕਸਾਨੇ ਗਏ ਹਨ। ਘੱਟੋ-ਘੱਟ 61 ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ।

ਰਾਹਤ ਕਾਰਜਾਂ ਲਈ ਫੰਡ ਤੇਜ਼ੀ ਨਾਲ ਜਾਰੀ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੇ ਐਮਰਜੈਂਸੀ ਦਾ ਐਲਾਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਇਕੱਲਾ ਨਹੀਂ ਛੱਡੇਗੀ ਅਤੇ ਪੂਰੀ ਮਦਦ ਕੀਤੀ ਜਾਵੇਗੀ।

ਭੂਚਾਲ ਦਾ ਕੇਂਦਰ ਪ੍ਰਸ਼ਾਂਤ ਖੇਤਰ ਦੇ ਨੇੜੇ ਸੀ ਜੋ ਰਿੰਗ ਆਫ਼ ਫਾਇਰ ‘ਤੇ ਸਥਿਤ ਹੈ। ਸਭ ਤੋਂ ਵੱਧ ਅਸਰ ਚੋਕੋ ਇਲਾਕੇ ਵਿੱਚ ਹੋਇਆ ਹੈ, ਜੋ ਕੋਲੰਬੀਆ ਦੇ ਸਭ ਤੋਂ ਗ਼ਰੀਬ ਅਤੇ ਸੰਘਣੇ ਜੰਗਲਾਂ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਇੱਥੇ ਜ਼ਿਆਦਾਤਰ ਥਾਵਾਂ ਤੱਕ ਸਿਰਫ਼ ਕਿਸ਼ਤੀ ਜਾਂ ਜਹਾਜ਼ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ, ਇਸ ਲਈ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਦਿੱਕਤ ਆ ਰਹੀ ਹੈ।

Leave a Reply

Your email address will not be published. Required fields are marked *

View in English