ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀ ਉਡਾਣ 17 ਘੰਟੇ ਦੇਰੀ ਨਾਲ, ਯਾਤਰੀਆਂ ਦਾ ਹੰਗਾਮਾ ਅਤੇ ਨਾਅਰੇਬਾਜ਼ੀ

30 ਅਗਸਤ, 2026: ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਯਾਤਰੀਆਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ। ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ 17 ਘੰਟੇ ਦੀ ਦੇਰੀ ਨਾਲ ਸ਼ਡਿਊਲ ਹੋਣ ਕਾਰਨ ਗੁੱਸੇ ਵਿੱਚ ਆਏ ਯਾਤਰੀਆਂ ਨੇ ਏਅਰਲਾਈਨ ਦੇ ਟਿਕਟ ਕਾਊਂਟਰ ‘ਤੇ ਸਟਾਫ਼ ਨਾਲ ਬਹਿਸ ਕੀਤੀ ਅਤੇ “ਸਪਾਈਸਜੈੱਟ ਮੁਰਦਾਬਾਦ” ਦੇ ਨਾਅਰੇ ਲਗਾਏ।

ਯਾਤਰੀਆਂ ਅਨੁਸਾਰ ਇਹ ਉਡਾਣ ਪਹਿਲਾਂ ਸਵੇਰੇ 8:40 ਵਜੇ ਰਵਾਨਾ ਹੋਣੀ ਸੀ, ਪਰ ਜਹਾਜ਼ ਨਾ ਪਹੁੰਚਣ ਕਰਕੇ ਇਸ ਦਾ ਸਮਾਂ ਬਦਲ ਕੇ ਸਵੇਰੇ 11 ਵਜੇ ਕੀਤਾ ਗਿਆ। ਬਾਅਦ ਵਿੱਚ ਕਾਊਂਟਰ ‘ਤੇ ਦੱਸਿਆ ਗਿਆ ਕਿ ਫਲਾਈਟ 17 ਘੰਟੇ ਦੀ ਦੇਰੀ ਨਾਲ ਚੱਲੇਗੀ। ਇਸ ਦੌਰਾਨ ਛੋਟੇ ਬੱਚਿਆਂ ਵਾਲੇ ਯਾਤਰੀਆਂ ਨੂੰ ਧੁੱਪ ਵਿੱਚ ਖੜ੍ਹ ਕੇ ਖੁਆਰ ਹੋਣਾ ਪਿਆ। ਇੱਕ ਮਹਿਲਾ ਯਾਤਰੀ ਨੇ ਸਟਾਫ਼ ਅੱਗੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਸ ਦਾ ਛੋਟਾ ਬੱਚਾ ਦੁੱਧ ਲਈ ਰੋ ਰਿਹਾ ਹੈ ਅਤੇ ਉਸ ਨੂੰ ਬਾਹਰ ਦੁੱਧ ਪਿਆਉਣ ਲਈ ਕੋਈ ਯੋਗ ਥਾਂ ਨਹੀਂ ਦਿੱਤੀ ਜਾ ਰਹੀ।

ਪਰੇਸ਼ਾਨ ਯਾਤਰੀਆਂ ਨੇ ਦੋਸ਼ ਲਾਇਆ ਕਿ ਏਅਰਲਾਈਨ ਵੱਲੋਂ ਨਾ ਤਾਂ ਫਲਾਈਟ ਵਿੱਚ ਦੇਰੀ ਦਾ ਕੋਈ ਸਪੱਸ਼ਟ ਕਾਰਨ ਦੱਸਿਆ ਜਾ ਰਿਹਾ ਹੈ ਅਤੇ ਨਾ ਹੀ ਮੌਕੇ ‘ਤੇ ਕੋਈ ਜ਼ਿੰਮੇਵਾਰ ਅਧਿਕਾਰੀ ਮੌਜੂਦ ਹੈ। ਯਾਤਰੀਆਂ ਨੇ ਡੀਜੀਸੀਏ (DGCA) ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਿਯਮਾਂ ਮੁਤਾਬਕ ਤੁਰੰਤ ਰਿਫੰਡ, ਰਿਹਾਇਸ਼ ਜਾਂ ਵਿਕਲਪਿਕ ਉਡਾਣਾਂ ਦੀ ਸਹੂਲਤ ਦਿੱਤੀ ਜਾਵੇ।

Leave a Reply

Your email address will not be published. Required fields are marked *

View in English