ਫੈਕਟ ਸਮਾਚਾਰ ਸੇਵਾ
ਤਿਰੂਵਨੰਤਪੁਰਮ , ਅਕਤੂਬਰ 3
ਕੇਰਲ ਦੇ ਤਿਰੂਵਨੰਤਪੁਰਮ ਤੋਂ ਇੱਕ ਹੈਰਾਨ ਕਰਨ ਵਾਲਾ ਅਤੇ ਦੁਰਲੱਭ ਮੈਡੀਕਲ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਇੱਕ 9 ਸਾਲ ਦੀ ਬੱਚੀ ਦੇ ਪੇਟ ਅਤੇ ਛੋਟੀ ਅੰਤੜੀ ਤੋਂ ਲਗਭਗ 1 ਕਿਲੋਗ੍ਰਾਮ ਭਾਰ ਵਾਲੇ ਵਾਲਾਂ ਦੇ ਇੱਕ ਵੱਡੇ ਝੁੰਡ ਨੂੰ ਸਰਜਰੀ ਨਾਲ ਕੱਢ ਦਿੱਤਾ।
ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਬੱਚੀ ਪਿਛਲੇ ਕੁਝ ਸਮੇਂ ਤੋਂ ਪੇਟ ਵਿੱਚ ਲਗਾਤਾਰ ਦਰਦ ਅਤੇ ਉਲਟੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਸੀ। ਇਸ ਤੋਂ ਬਾਅਦ ਉਸਨੂੰ ਨੇਯਾਟਿੰਕਾਰਾ ਦੇ ਐਨਆਈਐਮਐਸ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਦੱਸ ਦਈਏ ਕਿ ਡਾਕਟਰਾਂ ਨੇ ਕੁੜੀ ਦਾ ਅਲਟਰਾਸਾਊਂਡ ਅਤੇ ਸੀਟੀ ਸਕੈਨ ਕੀਤਾ, ਜਿਸ ਵਿੱਚ ਅੰਤੜੀਆਂ ਵਿੱਚ ਗੰਭੀਰ ਰੁਕਾਵਟ ਦਾ ਖੁਲਾਸਾ ਹੋਇਆ। ਫਿਰ ਇੱਕ ਐਂਡੋਸਕੋਪੀ ਕੀਤੀ ਗਈ, ਜਿਸ ਵਿੱਚ ਪੁਸ਼ਟੀ ਹੋਈ ਕਿ ਉਸਦੇ ਪੇਟ ਤੋਂ ਛੋਟੀ ਅੰਤੜੀ ਤੱਕ ਵਾਲਾਂ ਦਾ ਇੱਕ ਵੱਡਾ ਸਮੂਹ ਇਕੱਠਾ ਹੋ ਗਿਆ ਸੀ।
ਹਸਪਤਾਲ ਦੇ ਪੈਲੀਏਟਿਵ ਅਤੇ ਪੀਡੀਆਟ੍ਰਿਕ ਸਰਜਰੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਬੀਜੂ ਆਈ.ਜੀ. ਨਾਇਰ ਦੀ ਅਗਵਾਈ ’ਚ ਹਸਪਤਾਲ ਦੀ ਟੀਮ ਨੇ ਇੱਕ ਜਟਿਲ ਸਰਜਰੀ ਕਰਕੇ ਇਸ 1 ਕਿਲੋ ਭਾਰੀ ਵਾਲਾਂ ਦੇ ਗੁੱਛੇ ਨੂੰ ਪੂਰੀ ਤਰ੍ਹਾਂ ਬਾਹਰ ਕੱਢ ਲਿਆ। ਡਾਕਟਰਾਂ ਨੇ ਦੱਸਿਆ ਕਿ ਹੁਣ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ, ਉਸ ਨੇ ਆਮ ਤੌਰ ‘ਤੇ ਖਾਣਾ-ਪੀਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਡਾ ਮੁਤਾਬਕ ਇਸ ਦੁਰਲੱਭ ਮੈਡੀਕਲ ਸਥਿਤੀ ਨੂੰ ‘ਰਪੁਨਜ਼ਲ ਸਿੰਡਰੋਮ’ ਜਾਂ ‘ਟ੍ਰਾਈਕੋਬੇਜ਼ੋੜ’ ਕਿਹਾ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਸਮਝੋ ਕਿ ਜਦੋਂ ਕੋਈ ਵਿਅਕਤੀ ਵਾਰ-ਵਾਰ ਆਪਣੇ ਵਾਲ ਖ਼ੁਦ ਖਿੱਚ ਕੇ ਨਿਗਲਣ ਲੱਗਦਾ ਹੈ, ਤਾਂ ਉਹ ਪਚ ਨਹੀਂ ਸਕਦੇ। ਇਹ ਵਾਲ ਹੌਲੀ-ਹੌਲੀ ਪੇਟ ਵਿੱਚ ਜਮ੍ਹਾ ਹੋ ਕੇ ਇੱਕ ਸਖ਼ਤ ਗੰਢ ਦਾ ਰੂਪ ਲੈ ਲੈਂਦੇ ਹਨ, ਜੋ ਸਮੇਂ ਦੇ ਨਾਲ ਅੰਤੜੀਆਂ ਵਿੱਚ ਰੁਕਾਵਟ ਦਾ ਕਾਰਨ ਬਣਦਾ ਹੈ।
ਮੈਡੀਕਲ ਸਾਹਿਤ ਦੇ ਅਨੁਸਾਰ ‘ਰਪੁਨਜ਼ਲ ਸਿੰਡਰੋਮ’ ਇੱਕ ਬੇਹੱਦ ਦੁਰਲੱਭ ਬਿਮਾਰੀ ਹੈ, ਜਿਸ ਵਿੱਚ ਵਾਲਾਂ ਦਾ ਗੁੱਛਾ ਪੇਟ ਤੋਂ ਵਧ ਕੇ ਛੋਟੀ ਆਂਤ ਤੱਕ ਫੈਲ ਜਾਂਦਾ ਹੈ। ਇਹ ਸਮੱਸਿਆ ਆਮ ਤੌਰ ‘ਤੇ ਕਿਸ਼ੋਰ ਉਮਰ ਦੀਆਂ ਕੁੜੀਆਂ ਵਿੱਚ ਵੇਖੀ ਜਾਂਦੀ ਹੈ। ਹਸਪਤਾਲ ਦੇ ਅਧਿਕਾਰੀਆਂ ਮੁਤਾਬਕ, ਪੂਰੀ ਦੁਨੀਆ ਵਿੱਚ ਹੁਣ ਤੱਕ ਇਸ ਬਿਮਾਰੀ ਦੇ 100 ਤੋਂ ਵੀ ਘੱਟ ਮਾਮਲੇ ਦਰਜ ਕੀਤੇ ਗਏ ਹਨ, ਜੋ ਇਸ ਨੂੰ ਬੇਹੱਦ ਖ਼ਾਸ ਅਤੇ ਦੁਰਲੱਭ ਬਣਾਉਂਦਾ ਹੈ।







