ਫੈਕਟ ਸਮਾਚਾਰ ਸੇਵਾ
ਚੇਨਈ , ਅਗਸਤ 12
ਕੋਲਕਾਤਾ ਤੋਂ ਆ ਰਹੀ ਇੰਡੀਗੋ ਫਲਾਈਟ ਦਾ ਮੰਗਲਵਾਰ ਰਾਤ ਨੂੰ ਇੰਜਣ ਫੇਲ੍ਹ ਹੋ ਗਿਆ, ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਤੋਂ ਬਾਅਦ ਚੇਨਈ ਏਅਰਪੋਰਟ ‘ਤੇ ਫੁੱਲ ਇਮਰਜੈਂਸੀ ਐਲਾਨ ਦਿੱਤੀ ਗਈ। ਦੱਸਿਆ ਗਿਆ ਕਿ ਫਲਾਈਟ ਦੀ ਲੈਂਡਿੰਗ ਤੋਂ ਠੀਕ ਪਹਿਲਾਂ ਖੱਬੇ ਇੰਜਣ ‘ਚ ਖਰਾਬੀ ਆ ਗਈ ਸੀ। ਏਅਰਪੋਰਟਸ ਅਥਾਰਟੀ ਆਫ਼ ਇੰਡੀਆ (AAI) ਦੇ ਅਧਿਕਾਰੀਆਂ ਮੁਤਾਬਕ ਕੋਲਕਾਤਾ ਤੋਂ ਚੇਨਈ ਆ ਰਹੀ ਇੰਡੀਗੋ ਫਲਾਈਟ 6E-723 (ਜਿਸ ‘ਚ 224 ਲੋਕ ਸਵਾਰ ਸਨ) ਨੇ 11 ਅਗਸਤ ਦੀ ਰਾਤ 11:29 ਵਜੇ ਫੁੱਲ ਇਮਰਜੈਂਸੀ ਐਲਾਨ ਕੀਤੀ।
ਫਲਾਈਟ ਨੇ ਰਾਤ 11:30 ਵਜੇ ਪਹੁੰਚਣਾ ਸੀ, ਪਰ ਲੈਂਡਿੰਗ ਦੀ ਤਿਆਰੀ ਦੌਰਾਨ ਪਾਇਲਟ ਨੂੰ ਪਤਾ ਲੱਗਾ ਕਿ ਖੱਬਾ ਇੰਜਣ ਖਰਾਬ ਹੋ ਗਿਆ ਹੈ। ਇਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਏਅਰਪੋਰਟ ਅਧਿਕਾਰੀਆਂ ਨੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਐਮਰਜੈਂਸੀ ਰਿਸਪਾਂਸ ਉਪਾਅ ਸ਼ੁਰੂ ਕਰ ਦਿੱਤੇ।







