ਫੈਕਟ ਸਮਾਚਾਰ ਸੇਵਾ
ਮੁੰਬਈ , ਅਕਤੂਬਰ 14
ਏਕਤਾ ਕਪੂਰ ਦੀ ਵੈੱਬ ਸੀਰੀਜ਼ XXX ਸੀਜ਼ਨ 2 ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਅੱਜ ਸੁਪਰੀਮ ਕੋਰਟ ਨੇ ਵੈੱਬ ਸੀਰੀਜ਼ ‘ਚ ‘ਇਤਰਾਜ਼ਯੋਗ ਸਮੱਗਰੀ’ ਲਈ ਨਿਰਮਾਤਾ ਏਕਤਾ ਕਪੂਰ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਉਹ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਮਨਾਂ ਨੂੰ ਭ੍ਰਿਸ਼ਟ ਕਰ ਰਹੀ ਹੈ। ਅਦਾਲਤ ਏਕਤਾ ਕਪੂਰ ਵਲੋਂ ਦਾਇਰ ਇੱਕ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਉਸ ਦੇ ਓਟੀਟੀ ਪਲੇਟਫਾਰਮ ਅਲਟ ਬਾਲਾਜੀ ‘ਤੇ ਪ੍ਰਸਾਰਿਤ ਇੱਕ ਵੈੱਬ ਸੀਰੀਜ਼ ਵਿੱਚ ਫੌਜੀਆਂ ਦਾ ਕਥਿਤ ਤੌਰ ‘ਤੇ ਅਪਮਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਉਸਦੇ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਚੁਣੌਤੀ ਦਿੱਤੀ ਗਈ ਸੀ।
ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਸੀਟੀ ਰਵੀਕੁਮਾਰ ਦੀ ਬੈਂਚ ਨੇ ਕਿਹਾ ਕਿ ”ਕੁਝ ਕਰਨਾ ਪਵੇਗਾ। ਤੁਸੀਂ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ਼ ਪ੍ਰਦੂਸ਼ਿਤ ਕਰ ਰਹੇ ਹੋ। ਇਹ ਸਭ ਲਈ ਉਪਲਬਧ ਹੈ। ਤੁਸੀਂ ਲੋਕਾਂ ਨੂੰ ਕਿਸ ਕਿਸਮ ਦੇ ਵਿਕਲਪ ਪ੍ਰਦਾਨ ਕਰ ਰਹੇ ਹੋ? ਇਸ ਦੇ ਉਲਟ ਤੁਸੀਂ ਨੌਜਵਾਨਾਂ ਦੇ ਮਨਾਂ ਨੂੰ ਗੰਦਾ ਕਰ ਰਹੇ ਹੋ।
ਏਕਤਾ ਕਪੂਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਪਟਨਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਰ ਇਸ ਗੱਲ ਦੀ ਕੋਈ ਉਮੀਦ ਨਹੀਂ ਹੈ ਕਿ ਮਾਮਲਾ ਜਲਦੀ ਹੀ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਕਪੂਰ ਨੂੰ ਸੁਰੱਖਿਆ ਦਿੱਤੀ ਸੀ। ਰੋਹਤਗੀ ਨੇ ਕਿਹਾ ਕਿ ਵੈੱਬ ਸੀਰੀਜ਼ ਨੂੰ ਸਬਸਕ੍ਰਿਪਸ਼ਨ ਤੋਂ ਬਾਅਦ ਹੀ ਦੇਖਿਆ ਜਾ ਸਕਦਾ ਹੈ ਅਤੇ ਸਾਨੂੰ ਆਪਣੇ ਦੇਸ਼ ‘ਚ ਆਪਣੀ ਮਰਜ਼ੀ ਨਾਲ ਦੇਖਣ ਦੀ ਆਜ਼ਾਦੀ ਹੈ।







