ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਅਕਤੂਬਰ 3
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਇਕ ਔਰਤ ਨਾਲ ਜੁੜੀ ਵਾਇਰਲ ਆਡੀਓ ਨੂੰ ਫਰਜ਼ੀ ਦੱਸਦੇ ਹੋਏ ਉਸ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਕੀਤੀ। ਵਲਟੋਹਾ ਨੇ ਦਾਅਵਾ ਕੀਤਾ ਕਿ ਆਡੀਓ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕਰ ਕੇ ਤੋੜ-ਮਰੋੜ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਔਰਤ ਨਾਲ ਗੱਲਬਾਤ ਹੋਣ ਦਾ ਭਰਮ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਉਹ ਔਰਤ ਨੂੰ ਕਦੇ ਮਿਲੇ ਨਹੀਂ ਤੇ ਨਾ ਹੀ ਵਾਇਰਲ ਆਡੀਓ ‘ਚ ਦੱਸੇ ਜਾ ਰਹੇ ਦੋਸ਼ਾਂ ਅਨੁਸਾਰ ਉਨ੍ਹਾਂ ਦੀ ਕੋਈ ਗੱਲਬਾਤ ਹੋਈ ਹੈ।
ਉਨ੍ਹਾਂ ਨੇ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਔਰਤ ਵੱਲੋਂ ਉਨ੍ਹਾਂ ਦੇ ਮੋਬਾਈਲ ‘ਤੇ ਕੀਤੀਆਂ ਗਈਆਂ ਸਾਰੀਆਂ ਫੋਨ ਕਾਲਾਂ ਦਾ ਰਿਕਾਰਡ ਜਨਤਕ ਕੀਤਾ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਉਨ੍ਹਾਂ ਪ੍ਰੈੱਸ ਕਾਨਫਰੰਸ ‘ਚ ਔਰਤ ਨਾਲ ਹੋਈ ਗੱਲਬਾਤ ਦੇ ਤਿੰਨ ਵਾਇਸ ਮੈਸੇਜ ਵੀ ਸੁਣਾਏ ਤੇ ਦਾਅਵਾ ਕੀਤਾ ਕਿ ਔਰਤ ਨੇ ਬਾਅਦ ‘ਚ ਆਪਣੇ ਭੇਜੇ ਮੈਸੇਜ ਡਿਲੀਟ ਕਰ ਦਿੱਤੇ ਸਨ, ਜਦਕਿ ਉਨ੍ਹਾਂ ਨੇ ਇਨ੍ਹਾਂ ਨੂੰ ਪਹਿਲਾਂ ਹੀ ਸੰਭਾਲ ਲਿਆ ਸੀ।
ਉਨ੍ਹਾਂ ਮੁਤਾਬਕ ਜਦੋਂ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜੇ ਕੁੱਝ ਮਾਮਲਿਆਂ ਨੂੰ ਜਨਤਕ ਕਰਨਾ ਸ਼ੁਰੂ ਕੀਤਾ ਸੀ, ਉਸੇ ਦੌਰਾਨ ਬਹਿਰੀਨ ‘ਚ ਰਹਿਣ ਵਾਲੀ ਔਰਤ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਔਰਤ ਨੇ ਉਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਬਹਿਰੀਨ ਦੌਰੇ ਤੇ ਪ੍ਰੋਫੈਸਰ ਰਮਨਦੀਪ ਕੌਰ ਨਾਲ ਜੁੜੀਆਂ ਕੁੱਝ ਤਸਵੀਰਾਂ ਵੀ ਭੇਜੀਆਂ ਸਨ। ਵਲਟੋਹਾ ਨੇ ਦੱਸਿਆ ਕਿ ਔਰਤ ਨਾਲ ਕੁੱਝ ਵਾਰ ਗੱਲਬਾਤ ਹੋਈ ਸੀ, ਪਰ ਬਾਅਦ ‘ਚ ਉਨ੍ਹਾਂ ਨੇ ਉਸ ਤੋਂ ਦੂਰੀ ਬਣਾ ਲਈ। ਉਨ੍ਹਾਂ ਕਿਹਾ ਕਿ ਜੂਨ ‘ਚ ਜਦੋਂ ਔਰਤ ਅੰਮ੍ਰਿਤਸਰ ਆਈ ਸੀ ਤਾਂ ਉਸ ਦਾ ਫੋਨ ਆਇਆ ਸੀ। ਔਰਤ ਨੇ ਦੱਸਿਆ ਸੀ ਕਿ ਉਹ ਤਿੰਨ ਦਿਨਾਂ ਤੋਂ ਹਰਗੋਬਿੰਦ ਨਿਵਾਸ ‘ਚ ਰਹਿ ਰਹੀ ਹੈ ਤੇ ਉਸ ਨੂੰ ਕਿਰਾਇਆ ਦੇਣਾ ਪੈ ਰਿਹਾ ਹੈ। ਔਰਤ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ, ਪਰ ਉਨ੍ਹਾਂ ਨੇ ਇਕੱਲੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ‘ਚ ਨਸ਼ੇ ਨਾਲ ਹੋ ਰਹੀਆਂ ਮੌਤਾਂ, ਕਿਸਾਨਾਂ ਤੇ ਮੁਲਾਜ਼ਮਾਂ ਦੇ ਪ੍ਰਦਰਸ਼ਨ, ਕਾਨੂੰਨ-ਵਿਵਸਥਾ ਤੇ ਫਿਰੌਤੀ ਵਰਗੇ ਗੰਭੀਰ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਔਰਤ ਵੱਲੋਂ ਦਰਜ ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਵਿਚ ਅਮਰਜੀਤ ਚਾਵਲਾ ਖਿਲਾਫ਼ ਜਬਰ-ਜਨਾਹ ਦੇ ਦੋਸ਼ ਲਗਾਏ ਗਏ ਸਨ। ਵਲਟੋਹਾ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਤੇ ਵਾਇਰਲ ਆਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਕੀਤੀ।







