ਮੁੰਬਈ, 26 ਅਕਤੂਬਰ, 2026 : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਗੱਡੀ ‘ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਮੁੰਬਈ ਕ੍ਰਾਈਮ ਬ੍ਰਾਂਚ ਦੀ ਪੜਤਾਲ ਦੌਰਾਨ ਇੱਕ ਬਹੁਤ ਹੀ ਚੌਂਕਾਉਣ ਵਾਲਾ ਖ਼ੁਲਾਸਾ ਹੋਇਆ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸ਼ੂਟਰਾਂ ਨੇ ਹੁਣ ਅਦਾਕਾਰ ਆਮਿਰ ਖਾਨ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਟਾਈਸਨ ਬਿਸ਼ਨੋਈ ਅਤੇ ਆਰਜ਼ੂ ਬਿਸ਼ਨੋਈ ਦੇ ਨਾਂ ‘ਤੇ ਬਣਾਏ ਗਏ ਖਾਤੇ ਰਾਹੀਂ ਆਮਿਰ ਖਾਨ ‘ਤੇ ‘ਲਵ ਜੇਹਾਦ’ ਅਤੇ ਸਨਾਤਨ ਧਰਮ ਦੇ ਵਿਰੋਧ ‘ਚ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਜਲਦ ਢੁਕਵਾਂ ਜਵਾਬ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ।
ਕ੍ਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ ਮੁੰਬਈ ਪਹੁੰਚੇ ਸ਼ੂਟਰਾਂ ਨੇ ਕਈ ਪ੍ਰਮੁੱਖ ਬਾਲੀਵੁੱਡ ਹਸਤੀਆਂ ਦੇ ਘਰਾਂ ਦੀ ਰੇਕੀ ਕੀਤੀ ਸੀ। ਦੋਸ਼ੀ ਆਟੋ-ਰਿਕਸ਼ਾ ਚਾਲਕਾਂ ਨੂੰ ਸਿਤਾਰਿਆਂ ਦੇ ਘਰ ਦੇਖਣ ਅਤੇ ਫੋਟੋਆਂ ਖਿੱਚਣ ਦੇ ਬਹਾਨੇ ਨਾਲ ਅਮਿਤਾਭ ਬੱਚਨ, ਆਮਿਰ ਖਾਨ, ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਵਰਗੀਆਂ ਹਸਤੀਆਂ ਦੀਆਂ ਰਿਹਾਇਸ਼ਾਂ ਤੱਕ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੇ ਆਮਿਰ ਖਾਨ ਦੇ ਘਰ ਦੀ ਤਿੰਨ ਵਾਰ ਰੇਕੀ ਕੀਤੀ ਸੀ ਅਤੇ ਉਨ੍ਹਾਂ ਦਾ ਮਕਸਦ ਘੱਟ ਸੁਰੱਖਿਆ ਵਾਲੀਆਂ ਮਸ਼ਹੂਰ ਹਸਤੀਆਂ ਨੂੰ ਨਿਸ਼ਾਨਾ ਬਣਾਉਣਾ ਸੀ।
ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਗੋਲੀਬਾਰੀ ਵੀ ਇਸੇ ਰੇਕੀ ਦਾ ਹਿੱਸਾ ਸੀ, ਜਿਸ ਬਾਰੇ ਦੋਸ਼ੀਆਂ ਨੇ ਜੁਹੂ ਦੇ ਫੁੱਟਬਾਲ ਮੈਦਾਨ ਬਾਰੇ ਜਾਣਕਾਰੀ ਇਕੱਠੀ ਕਰਕੇ ਹਮਲਾ ਕੀਤਾ ਸੀ। ਪੁਲਿਸ ਨੇ ਸੋਸ਼ਲ ਮੀਡੀਆ ਧਮਕੀਆਂ ਅਤੇ ਰੇਕੀ ਦੇ ਖ਼ੁਲਾਸੇ ਤੋਂ ਬਾਅਦ ਸਬੰਧਤ ਅਦਾਕਾਰਾਂ ਦੀ ਸੁਰੱਖਿਆ ਹੋਰ ਪੁਖ਼ਤਾ ਕਰ ਦਿੱਤੀ ਹੈ।







