ਫੈਕਟ ਸਮਾਚਾਰ ਸੇਵਾ
ਅਯੁੱਧਿਆ , ਜੂਨ 14
ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਰਾਮ ਜਨਮ ਭੂਮੀ ਨੂੰ ਲੈ ਕੇ ਇਕ ਵਾਰ ਫਿਰ ਜ਼ਹਿਰ ਉਗਲਿਆ ਹੈ। ਜੈਸ਼ ਨੇ ਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਇਕ ਧਮਕੀ ਭਰੀ ਆਡੀਓ ਵੀ ਵਾਇਰਲ ਕੀਤੀ ਗਈ ਹੈ ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਆਡੀਓ ਅਸਲੀ ਹੈ ਜਾਂ ਨਕਲੀ।
ਵਾਇਰਲ ਆਡੀਓ ‘ਚ ਜੈਸ਼-ਏ-ਮੁਹੰਮਦ ਦੇ ਆਮਿਰ ਨਾਮਕ ਅੱਤਵਾਦੀ ਨੇ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਉਸ ਨੂੰ ਇਹ ਕਹਿੰਦੇ ਸੁਣਿਆ ਜਾ ਰਿਹਾ ਹੈ ਕਿ ਸਾਡੀ ਮਸਜਿਦ ਹਟਾ ਕੇ ਮੰਦਰ ਬਣਾ ਦਿੱਤਾ ਗਿਆ ਹੈ। ਹੁਣ ਇਸ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਅੱਤਵਾਦੀ ਕਹਿ ਰਿਹਾ ਹੈ ਕਿ ਸਾਡੇ ਤਿੰਨ ਸਾਥੀ ਕੁਰਬਾਨ ਹੋਏ ਹਨ ਤੇ ਹੁਣ ਇਸ ਮੰਦਰ ਨੂੰ ਡੇਗਣਾ ਹੀ ਪਵੇਗਾ। ਇਸ ਆਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਤੇ ਖੁਫੀਆ ਤੰਤਰ ਹਰਕਤ ‘ਚ ਆ ਗਿਆ ਹੈ। ਰਾਮ ਮੰਦਰ ਤੇ ਇਸ ਦੇ ਨਾਲ ਲੱਗਦੀਆਂ ਸੰਪਰਕ ਸੜਕਾਂ ਤੇ ਪ੍ਰਮੁੱਖ ਅਦਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਸੰਗਠਨ ਦਾ ਨਾਂ 2005 ‘ਚ ਰਾਮ ਜਨਮ ਭੂਮੀ ਕੰਪਲੈਕਸ ‘ਤੇ ਹੋਏ ਅੱਤਵਾਦੀ ਹਮਲੇ ‘ਚ ਸਾਹਮਣੇ ਆਇਆ ਸੀ। ਜੈਸ਼ ਰਾਮ ਜਨਮ ਭੂਮੀ ਨੂੰ ਲੈ ਕੇ ਲਗਾਤਾਰ ਜ਼ਹਿਰ ਉਗਲ ਰਿਹਾ ਹੈ। ਪ੍ਰਾਣ ਪ੍ਰਤੀਸ਼ਠਾ ਤੋਂ ਪਹਿਲਾਂ ਵੀ ਇਸ ਅੱਤਵਾਦੀ ਸੰਗਠਨ ਨੇ ਧਮਕੀ ਦਿੱਤੀ ਸੀ।







