ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 2
ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਮੁੜ ਖਰਾਬ ਤੋਂ ਲੈ ਕੇ ਬਹੁਤ ਖਰਾਬ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਅੱਜ ਸਵੇਰੇ ਪੂਰੀ ਦਿੱਲੀ-ਐਨਸੀਆਰ ਧੁੰਦ ਦੀ ਚਾਦਰ ਵਿੱਚ ਲਪੇਟੀ ਦੇਖੀ ਗਈ। ਕਈ ਇਲਾਕਿਆਂ ਵਿਚ ਧੁੰਦ ਦੀ ਪਰਤ ਇੰਨੀ ਸੰਘਣੀ ਸੀ ਕਿ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਆ ਗਈ। ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਸਿਸਟਮ ਦੇ ਅਨੁਸਾਰ ਦਿੱਲੀ ਵਿੱਚ AQI 342 (ਬਹੁਤ ਖਰਾਬ) ਸ਼੍ਰੇਣੀ ਵਿੱਚ ਹੈ।
ਦੱਸ ਦੇਈਏ ਕਿ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਰਾਲੀ ਦਾ ਧੂੰਆਂ ਹਵਾ ਨਾਲ ਵਹਿ ਕੇ ਦਿੱਲੀ ਦੇ ਮਾਹੌਲ ਨੂੰ ਦੂਸ਼ਿਤ ਕਰ ਰਿਹਾ ਹੈ। ਹਾਲਾਂਕਿ ਸਰਕਾਰ ਲੰਬੇ ਸਮੇਂ ਤੋਂ ਇਸ ਦਿਸ਼ਾ ‘ਚ ਕੰਮ ਕਰ ਰਹੀ ਹੈ। ਪਰ ਅਜੇ ਤੱਕ ਉਮੀਦ ਅਨੁਸਾਰ ਨਤੀਜੇ ਨਹੀਂ ਆਏ।







