ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵ. ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਫੈਕਟ ਸਮਾਚਾਰ ਸੇਵਾ

ਫਰੀਦਕੋਟ, ਅਗਸਤ 24

ਫਰੀਦਕੋਟ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਆਪਣੇ ਸਾਥੀ ਤੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸਵ. ਗੁਰਜੀਤ ਸਿੰਘ ਤੂਤ ਦੇ ਪਰਿਵਾਰਕ ਮੈਂਬਰਾਂ, ਉਨ੍ਹਾਂ ਦੀ ਪਤਨੀ ਅਤੇ ਬੇਟੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਵਾਈ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਹੋਣਹਾਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਬੇਵਕਤੀ ਵਿਛੋੜੇ ਦਾ ਦੁੱਖ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

ਗੁਰਦਿੱਤ ਸਿੰਘ ਸੇਖੋਂ ਕਿਹਾ ਕਿ ਮੁਲਾਕਾਤ ਦੌਰਾਨ ਮੁੱਖ ਮੰਤਰੀ ਜੀ ਨੇ ਭਰੋਸਾ ਦਿੱਤਾ ਕਿ ਸਵ. ਗੁਰਜੀਤ ਦੀ ਖੇਡ ਅਤੇ ਯਾਦ ਨੂੰ ਸਦੀਵੀ ਬਣਾਉਣ ਲਈ ਫ਼ਿਰੋਜ਼ਪੁਰ ਦੇ ਪਿੰਡ ਤੂਤ ਵਿਖੇ ਇੱਕ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਪੰਜਾਬ ਦੇ ਇਸ ਮਾਣਮੱਤੇ ਖਿਡਾਰੀ ਦਾ ਯੋਗਦਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗਾ।

ਇਸ ਉਪਰਾਲੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਸਵ. ਗੁਰਜੀਤ ਸਿੰਘ ਤੂਤ ਦੀਆਂ ਖੇਡਾਂ ਪ੍ਰਤੀ ਸੇਵਾਵਾਂ ਅਤੇ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾ ਸਕੇਗਾ। ਇਸ ਮੌਕੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਵ. ਗੁਰਜੀਤ ਸਿੰਘ ਤੂਤ ਨਾਲ ਉਨ੍ਹਾਂ ਦਾ ਬਹੁਤ ਹੀ ਗਹਿਰਾ ਪਿਆਰ ਅਤੇ ਭਰਾਵਾਂ ਵਾਲਾ ਰਿਸ਼ਤਾ ਸੀ। ਉਨ੍ਹਾਂ ਕਿਹਾ ਕਿ ਗੁਰਜੀਤ ਨੇ ਆਪਣੀ ਖੇਡ ਯਾਤਰਾ ਉਨ੍ਹਾਂ ਕੋਲ ਰਹਿ ਕੇ ਸ਼ੁਰੂ ਕੀਤੀ ਸੀ ਅਤੇ ਉਸ ਦੀਆਂ ਯਾਦਾਂ ਹਮੇਸ਼ਾ ਉਨ੍ਹਾਂ ਦੇ ਦਿਲ ਵਿੱਚ ਵੱਸਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਹੁਣ ਮੇਰਾ ਫਰਜ਼ ਬਣਦਾ ਹੈ ਕਿ ਮੈਂ ਸਵ. ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦਾ ਹਰ ਪੱਖੋਂ ਸਾਥ ਦੇਵਾਂ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂ।

ਇਸ ਮੌਕੇ ਮੈਡਮ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਸਵ. ਗੁਰਜੀਤ ਸਿੰਘ ਤੂਤ ਦੀ ਯਾਦ ਵਿੱਚ ਬਣਾਇਆ ਜਾ ਰਿਹਾ ਖੇਡ ਸਟੇਡੀਅਮ ਉਨ੍ਹਾਂ ਦੀਆਂ ਯਾਦਾਂ ਨੂੰ ਸਦਾ ਲਈ ਜਿਉਂਦਾ ਰੱਖਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦਾ ਸਭ ਤੋਂ ਵਧੀਆ ਸਾਧਨ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਟੇਡੀਅਮ ਇਲਾਕੇ ਦੇ ਉੱਭਰਦੇ ਖਿਡਾਰੀਆਂ ਲਈ ਇੱਕ ਮਜ਼ਬੂਤ ਮੰਚ ਸਾਬਤ ਹੋਵੇਗਾ ਅਤੇ ਇੱਥੋਂ ਦੇ ਨੌਜਵਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।

Leave a Reply

Your email address will not be published. Required fields are marked *

View in English