ਫੈਕਟ ਸਮਾਚਾਰ ਸੇਵਾ
ਕਟੜਾ , ਅਗਸਤ 19
ਖ਼ਰਾਬ ਮੌਸਮ ਅਤੇ ਲਗਾਤਾਰ ਪੈ ਰਹੇ ਮੀਂਹ ਦੇ ਬਾਵਜੂਦ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਅੱਜ ਰਵਾਇਤੀ ਰਸਤੇ ਤੋਂ ਸੁਚਾਰੂ ਰੂਪ ‘ਚ ਜਾਰੀ ਰਹੀ। ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਦੇ ਤੇਜ਼ ਅਤੇ ਕਦੇ ਹਲਕੇ ਮੀਂਹ ਦਾ ਸਾਹਮਣਾ ਕਰਨਾ ਪਿਆ। ਮੀਂਹ ਤੋਂ ਬਚਣ ਲਈ ਸ਼ਰਧਾਲੂ ਰਸਤੇ ‘ਚ ਬਣਾਏ ਗਏ ਆਸਰਾ ਸਥਾਨਾਂ ‘ਤੇ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਜੈਕਾਰੇ ਲਗਾਉਂਦੇ ਹੋਏ ਭਵਨ ਵੱਲ ਵਧਦੇ ਰਹੇ। ਲਗਾਤਾਰ ਮੀਂਹ ਅਤੇ ਖ਼ਰਾਬ ਮੌਸਮ ਨੂੰ ਵੇਖਦਿਆਂ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਪ੍ਰਸ਼ਾਸਨ ਨੇ ਮਹੱਤਵਪੂਰਨ ਬੈਟਰੀ ਕਾਰ ਮਾਰਗ ਨੂੰ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਹੈ। ਮਾਰਗ ਦੇ ਕੁਝ ਹਿੱਸਿਆਂ ‘ਚ ਪਹਾੜੀ ਤੋਂ ਕੰਕਰ-ਪੱਥਰ ਅਤੇ ਮਲਬਾ ਡਿੱਗਣ ਦੇ ਨਾਲ-ਨਾਲ ਚਿੱਕੜ ਜਮ੍ਹਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਸ਼ਰਧਾਲੂਆਂ ਦੀ ਆਵਾਜਾਈ ਲਈ ਇਸ ਮਾਰਗ ਨੂੰ ਬੰਦ ਕਰ ਦਿੱਤਾ ਗਿਆ। ਮਾਰਗ ਦੀ ਸਫ਼ਾਈ ਅਤੇ ਸਥਿਤੀ ਨੂੰ ਆਮ ਵਾਂਗ ਕਰਨ ਲਈ ਸਫ਼ਾਈ ਕਰਮਚਾਰੀਆਂ ਦੇ ਨਾਲ-ਨਾਲ ਆਫ਼ਤ ਪ੍ਰਬੰਧਨ ਦਲ ਦੇ ਜਵਾਨ ਲਗਾਤਾਰ ਕੰਮ ‘ਚ ਜੁੱਟੇ ਹੋਏ ਹਨ।
ਦੂਜੇ ਪਾਸੇ ਖ਼ਰਾਬ ਮੌਸਮ ਕਾਰਨ ਅੱਜ ਹੈਲੀਕਾਪਟਰ ਸੇਵਾ ਵੀ ਮੁੱਤਲ ਰਹੀ। ਹਾਲਾਂਕਿ ਰਵਾਇਤੀ ਰਸਤੇ ਤੋਂ ਯਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਘੋੜਾ, ਪਿੱਟੂ ਅਤੇ ਪਾਲਕੀ ਵਰਗੀਆਂ ਸੇਵਾਵਾਂ ਉਪਲਬਧ ਰਹੀਆਂ। ਸ਼ਰਾਈਨ ਬੋਰਡ, ਆਫ਼ਤ ਪ੍ਰਬੰਧਨ ਦਲ, ਪੁਲਿਸ ਅਤੇ ਸੀ.ਆਰ.ਪੀ.ਐੱਫ. ਦੇ ਜਵਾਨ ਯਤਰਾ ਮਾਰਗ ‘ਤੇ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਰਹਿ ਕੇ ਸਥਿਤੀ ‘ਤੇ ਲਗਾਤਾਰ ਨਜ਼ਰ ਬਣਾਈ ਰੱਖ ਰਹੇ ਹਨ।
ਸ਼ਰਾਈਨ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮੌਸਮ ਦੀ ਸਥਿਤੀ ਨੂੰ ਦੇਖਦਿਆਂ ਪੂਰੀ ਚੌਕਸੀ ਨਾਲ ਯਤਰਾ ਕਰਨ ਅਤੇ ਪ੍ਰਸ਼ਾਸਨ ਤੇ ਸ਼ਰਾਈਨ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਸਰਵਉੱਚ ਤਰਜੀਹ ਹੈ ਅਤੇ ਮੌਸਮ ਦੀ ਸਥਿਤੀ ਅਨੁਸਾਰ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਕਰੀਬ 12 ਹਜ਼ਾਰ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਕੇ ਭਵਨ ਵੱਲ ਰਵਾਨਾ ਹੋ ਚੁੱਕੇ ਸਨ, ਜਦਕਿ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਸੀ। ਮੀਂਹ ਦੇ ਬਾਵਜੂਦ ਸ਼ਰਧਾਲੂਆਂ ‘ਚ ਮਾਂ ਦੇ ਦਰਸ਼ਨਾਂ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ। ਸਥਾਨਕ ਪ੍ਰਸ਼ਾਸਨ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਖ਼ਰਾਬ ਮੌਸਮ ਨੂੰ ਦੇਖਦਿਆਂ ਯਤਰਾ ਦੇ ਪ੍ਰਬੰਧਾਂ ‘ਤੇ ਨਿਗਰਾਨੀ ਵਧਾ ਦਿੱਤੀ ਹੈ, ਤਾਂ ਜੋ ਸ਼ਰਧਾਲੂਆਂ ਦੀ ਯਤਰਾ ਸੁਰੱਖਿਅਤ ਅਤੇ ਸੁਚਾਰੂ ਬਣੀ ਰਹੇ।







